ਮਜੀਠਾ, 21 ਜੂਨ (ਜਗਤਾਰ ਸਿੰਘ ਸਹਿਮੀ)-ਥਾਣਾ ਮਜੀਠਾ ਦੀ ਪੁਲਿਸ ਨੇ ਇਕ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਅਤੇ 240 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣਾ ਮਜੀਠਾ ਵਿਖੇ ਤਾਇਨਾਤ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਮਾੜੇ ਅਨਸਰਾਂ ਦੀ ਤਲਾਸ਼ ‘ਚ ਆਪਣੀ ਪੁਲਿਸ ਪਾਰਟੀ ਸਮੇਤ ਜਿਸ ਵਿਚ ਏ. ਐੱਸ. ਆਈ. ਰਸ਼ਪਾਲ ਸਿੰਘ, ਏ. ਐੱਸ. ਆਈ. ਜਗਤਾਰ ਸਿੰਘ, ਸਿਪਾਹੀ ਮਨਦੀਪ ਸਿੰਘ ਅਤੇ ਸਿਪਾਹੀ ਸਰਬਜੀਤ ਸਿੰਘ ਸ਼ਾਮਿਲ ਸਨ, ਥਾਣਾ ਮਜੀਠਾ ਤੋਂ ਸੋਹੀਆਂ ਵੱਲ ਜਾ ਰਹੇ ਸਨ ਕਿ ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਪਾਰ ਕਰਕੇ ਭੱਠੇ ਦੇ ਨੇੜੇ ਪੁੱਜੀ ਤਾਂ ਉੱਥੇ ਇਕ ਸ਼ੱਕੀ ਨੌਜਵਾਨ ਖੜ੍ਹਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਵੇਖ ਕੇ ਆਪਣੀ ਜੇਬ ਵਿਚ ਪਏ ਮੋਮੀ ਲਿਫ਼ਾਫ਼ੇ ਨੂੰ ਸੁੱਟਣ ਲੱਗੇ ਨੂੰ ਸਾਥੀ ਪੁਲਿਸ ਮੁਲਾਜਮਾਂ ਵਲੋਂ ਕਾਬੂ ਕਰ ਲਿਆ ਗਿਆ, ਜਿਸ ਦੀ ਤਲਾਸ਼ੀ ਲੈਣ ਤੇ ਉਸ ਨੌਜਵਾਨ ਦੀ ਜੇਬ ਵਿਚ ਨਿਕਲੇ ਮੋਮੀ ਲਿਫ਼ਾਫ਼ੇ ਵਿਚੋਂ 6 ਗ੍ਰਾਮ ਹੈਰੋਇਨ ਅਤੇ 240 ਰੁਪਏ ਨਕਦ ਬਰਾਮਦ ਹੋਏ। ਪੁਲਿਸ ਅਨੁਸਾਰ ਬਰਾਮਦ ਕੀਤੀ ਨਕਦੀ ਡਰੱਗ ਮਨੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਦੱਸਿਆ ਕਿ ਉਹ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਬਰਾਮਦ ਹੋਈ ਨਕਦੀ ਵੀ ਇਸੇ ਦਾ ਹਿੱਸਾ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ਼ ਨਿੱਕਾ ਉਰਫ਼ ਪੋਪੋ ਪੁੱਤਰ ਕੁਲਵਿੰਦਰ ਸਿੰਘ ਵਾਸੀ ਗਲੀ ਬੋੜ ਵਾਲੀ, ਮਜੀਠਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨਸ਼ੀਲਾ ਪਦਾਰਥ ਕਿੱਥੋਂ ਲਿਆਉਂਦਾ ਸੀ ਅਤੇ ਇਸ ਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ।
6 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਮੇਤ ਨੌਜਵਾਨ ਕਾਬੂ
ਅਜੀਤ ਡੈਸਕ
22-06-2026