ਅਜਨਾਲਾ/ਚਮਿਆਰੀ, 24 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ)-ਅਜਨਾਲਾ ਫ਼ਤਹਿਗੜ੍ਹ ਚੂੜੀਆਂ ਰੋਡ ‘ਤੇ ਪਿੰਡ ਪਿੰਡ ਗੁੱਝਾਪੀਰ ਤੇ ਚਮਿਆਰੀ ਕੋਲ ਵਾਪਰੇ ਬੇਹੱਦ ਦਰਦਨਾਕ ਹਾਦਸੇ ਦੌਰਾਨ ਪਾਣੀ ਪੀਣ ਲਈ ਨਿਕਾਸੀ ਨਾਲੇ ਵਿਚ ਉੱਤਰੀਆਂ 34 ਮੱਝਾਂ ਤੇ ਕੱਟੀਆਂ ਦੀ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਿਕਾਸੀ ਨਾਲੇ ਵਿਚ ਲੰਬੇ ਸਮੇਂ ਤੋਂ ਫਸੀ ਜੰਗਲੀ ਬੂਟੀ ਕਾਰਨ ਪਸ਼ੂ ਬਾਹਰ ਨਹੀਂ ਨਿਕਲ ਸਕੇ ਅਤੇ ਇਕ-ਇਕ ਕਰਕੇ ਸਾਰੇ ਪਸ਼ੂ ਡੂੰਘੇ ਪਾਣੀ ਵਿਚ ਫਸਦੇ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਗੁੱਜਰ ਭਾਈਚਾਰੇ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਪੀੜਤ ਪਸ਼ੂ ਪਾਲਕ ਜੂਰਦੀਨ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਣੇ ਪਸ਼ੂ ਚਾਰ ਰਿਹਾ ਸੀ ਤਾਂ ਅਚਾਨਕ ਜਦ ਪਸ਼ੂ ਪਾਣੀ ਪੀਣ ਲਈ ਨਿਕਾਸੀ ਨਾਲੇ ਵਿਚ ਉਤਰੇ ਤਾਂ ਉਹ ਡੂੰਘੇ ਪਾਣੀ ਵਿਚ ਵਹਿ ਗਏ ਤੇ ਨਿਕਾਸੀ ਨਾਲੇ ਵਿਚ ਜ਼ਿਆਦਾ ਬੂਟੀ ਹੋਣ ਕਾਰਨ ਉਸਦੀਆਂ 24 ਕੀਮਤੀ ਮੱਝਾਂ ਅਤੇ ਕੱਟੀਆਂ ਦੀ ਮੌਤ ਹੋਈ ਹੈ, ਜਿਸ ਨਾਲ ਉਸ ਦਾ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਗੁੱਜਰ ਭਾਈਚਾਰੇ ਦੇ ਇਕ ਹੋਰ ਵਿਅਕਤੀ ਸਿਪਾਹੀਦੀਨ ਨੇ ਦੱਸਿਆ ਕਿ ਉਸਦੀਆਂ ਵੀ 10 ਮੱਝਾਂ ਦੀ ਵੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜੂਰਦੀਨ ਤੇ ਸਿਪਾਹੀਦੀਨ ਨੇ ਦੱਸਿਆ ਕਿ ਸਾਡੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਨ੍ਹਾਂ ਪਸ਼ੂਆਂ ਦੇ ਸਿਰ ‘ਤੇ ਸੀ। ਇਸ ਮੌਕੇ ਮੌਜੂਦ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਿਕਾਸੀ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਇਲਾਕੇ ਦੇ ਕਿਸਾਨ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਝੋਨੇ ਸਮੇਤ ਹੋਰ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇ ਨਿਕਾਸੀ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਕਰਵਾਈ ਜਾਂਦੀ ਤਾਂ ਨਾ ਸਿਰਫ਼ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ, ਸਗੋਂ ਇਹ ਦਰਦਨਾਕ ਹਾਦਸਾ ਵੀ ਟਲ ਸਕਦਾ ਸੀ। ਗੁੱਜਰ ਭਾਈਚਾਰੇ ਦੇ ਪੀੜਤ ਪਰਿਵਾਰ ਅਤੇ ਕਿਸਾਨਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮਰੇ ਹੋਏ ਪਸ਼ੂਆਂ ਦਾ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ, ਨਿਕਾਸੀ ਨਾਲਿਆਂ ਦੀ ਜੰਗੀ ਪੱਧਰ ‘ਤੇ ਸਫ਼ਾਈ ਕਰਵਾਈ ਜਾਵੇ ਤੇ ਬਰਸਾਤੀ ਮੌਸਮ ਦੌਰਾਨ ਅਜਿਹੇ ਹਾਦਸਿਆਂ ਦੀ ਰੋਕਥਾਮ ਲਈ ਪੱਕੇ ਪ੍ਰਬੰਧ ਕੀਤੇ ਜਾਣ।