ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ’ਚ ਪੁਲਿਸ ਵਲੋਂ ਵੱਡੇ ਪੱਧਰ ’ਤੇ ਕਾਸੋ ਆਪ੍ਰੇਸ਼ਨ
ਜੰਡਿਆਲਾ ਗੁਰੂ, 4 ਅਕਤੂਬਰ (ਅੰਮ੍ਰਿਤ ਪਾਲ ਸਿੰਘ, ਪਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਡੀ. ਜੀ.
ਜੰਡਿਆਲਾ ਗੁਰੂ, 4 ਅਕਤੂਬਰ (ਅੰਮ੍ਰਿਤ ਪਾਲ ਸਿੰਘ, ਪਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਡੀ.ਜੀ.ਪੀ. ਦੇ ਹੁਕਮਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜੰਡਿਆਲਾ ਗੁਰੂ ਸਮੇਤ ਨਸ਼ਿਆਂ ਦੇ ਹੌਟਸਪੌਟ ਮੰਨੇ ਜਾਂਦੇ ਇਲਾਕਿਆਂ ਵਿਚ ਪੁਲਿਸ ਵਲੋਂ ਵੱਡੇ ਪੱਧਰ ’ਤੇ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਕੀਤੇ ਗਏ ਇਸ ਆਪਰੇਸ਼ਨ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਹਿਲ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਵੱਖ-ਵੱਖ ਥਾਣਿਆਂ ਦੀ ਫੋਰਸ ਮੌਜੂਦ ਰਹੀ। ਆਪ੍ਰੇਸ਼ਨ ਦੌਰਾਨ ਪੁਲਿਸ ਵਲੋਂ ਨਸ਼ਿਆਂ ਦੀ ਸਪਲਾਈ ਨਾਲ ਜੁੜੇ ਵਿਅਕਤੀਆਂ ਅਤੇ ਸ਼ੱਕੀ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਇਸ ਮੌਕੇ ਲੋਕਾਂ ਅਤੇ ਇਲਾਕੇ ਦੇ ਸਤਿਕਾਰਯੋਗ ਪਰਿਵਾਰਾਂ ਨੂੰ ਵੀ ਪੁਲਿਸ ਮੁਹਿੰਮ ਨਾਲ ਜੋੜਿਆ ਗਿਆ। ਆਈ.ਜੀ. ਭੁੱਲਰ ਨੇ ਕਿਹਾ ਕਿ ਕਾਸੋ ਆਪਰੇਸ਼ਨ ਦਾ ਮੁੱਖ ਮਕਸਦ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਨੂੰ ਨਸ਼ਾ ਮੁਕਤ ਕਰਨ ਦੇ ਨਾਲ-ਨਾਲ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਦੀ ਧਾਰਾ 64-ਏ ਤਹਿਤ ਨਸ਼ਾ ਕਰਨ ਵਾਲਾ ਵਿਅਕਤੀ ਇਲਾਜ ਕਰਵਾਉਣ ਦੀ ਇੱਛਾ ਪ੍ਰਗਟ ਕਰੇ ਤਾਂ ਕਾਨੂੰਨੀ ਪ੍ਰਕਿਰਿਆ ਤਹਿਤ ਉਸ ਨੂੰ ਇਲਾਜ ਦਾ ਮੌਕਾ ਦਿੱਤਾ ਜਾ ਸਕਦਾ ਹੈ। ਆਪਰੇਸ਼ਨ ਦੌਰਾਨ ਵੱਖ-ਵੱਖ ਥਾਵਾਂ ਤੋਂ ਹੈਰੋਇਨ, ਪਿਸਤੌਲ ਅਤੇ ਹੋਰ ਸਾਮਾਨ ਬਰਾਮਦ ਹੋਣ ਦੀ ਜਾਣਕਾਰੀ ਦਿੱਤੀ ਗਈ, ਜਦਕਿ ਇਕ ਹੋਰ ਥਾਣਾ ਖੇਤਰ ਵਿਚ ਹੈਂਡ ਗ੍ਰਨੇਡ ਮਿਲਣ ਦੀ ਵੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ।