ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)-ਡਾ. ਐੱਸ.
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)-ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ ਸੰਨੀ ਓਬਰਾਏ ਆਵਾਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਵਿਖੇ ਬਾਰਿਸ਼ ਦੌਰਾਨ ਮਕਾਨ ਡਿੱਗਣ ਕਾਰਨ ਬੇਘਰ ਹੋਏ ਇਕ ਲੋੜਵੰਦ ਪਰਿਵਾਰ ਲਈ ਨਵਾਂ ਮਕਾਨ ਤਿਆਰ ਕਰਕੇ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਨੇ ਦੱਸਿਆ ਕਿ ਪਿਛਲੇ ਸਾਲ ਹੋਈਆਂ ਭਾਰੀ ਬਾਰਿਸ਼ਾਂ ਦੌਰਾਨ ਪਿੰਡ ਮਾਨ ਸਿੰਘ ਵਾਲਾ ਵਿਖੇ ਇਕ ਗ਼ਰੀਬ ਪਰਿਵਾਰ ਦਾ ਮਕਾਨ ਡਿੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਕਮਾਉਣ ਵਾਲਾ ਮੈਂਬਰ ਵੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਕਾਰਨ ਆਪਣਾ ਮਕਾਨ ਮੁੜ ਬਣਾਉਣ ਦੀ ਸਮਰੱਥਾ ਨਹੀਂ ਰੱਖਦਾ ਸੀ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਟਰੱਸਟ ਦੀ ਟੀਮ ਵਲੋਂ ਮਾਮਲੇ ਦੀ ਪੜਤਾਲ ਕਰਨ ਉਪਰੰਤ ਇਹ ਕੇਸ ਡਾ. ਓਬਰਾਏ ਕੋਲ ਭੇਜਿਆ ਗਿਆ। ਡਾ. ਓਬਰਾਏ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਟੀਮ ਨੂੰ ਤੁਰੰਤ ਲੋੜਵੰਦ ਪਰਿਵਾਰ ਲਈ ਮਕਾਨ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਟਰੱਸਟ ਵਲੋਂ ਮਕਾਨ ਦੀ ਉਸਾਰੀ ਕਰਵਾਈ ਗਈ, ਜੋ ਹੁਣ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਦੇ ਪਤਵੰਤਿਆਂ ਅਤੇ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਦੀ ਹਾਜ਼ਰੀ ਵਿਚ ਨਵੇਂ ਬਣੇ ਮਕਾਨ ਦਾ ਉਦਘਾਟਨ ਕਰਕੇ ਇਸ ਨੂੰ ਲੋੜਵੰਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਮਕਾਨ ਮਿਲਣ ’ਤੇ ਪਰਿਵਾਰ ਨੇ ਡਾ. ਓਬਰਾਏ ਤੇ ਟਰੱਸਟ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ , ਸੁਖਬੀਰ ਸਿੰਘ ਜ਼ੈਲਦਾਰ, ਹਰਭਗਵਾਨ ਸਿੰਘ ਖੱਪਿਆਂਵਾਲੀ, ਮਲਕੀਤ ਸਿੰਘ ਕਾਲਾ ਖੱਪਿਆਂਵਾਲੀ ਆਦਿ ਹਾਜ਼ਰ ਸਨ।