ਰਾਸ਼ਟਰੀ ਹੱਥਕਰਘਾ ਦਿਵਸ ਮੌਕੇ ਨਵ ਤ੍ਰਿੰਞਣ ਵਲੋਂ ਸਮਾਗਮ
ਜੈਤੋ, 17 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰਾਸ਼ਟਰੀ ਹੱਥਕਰਘਾ ਦਿਵਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਨਵ ਤ੍ਰਿੰਞਣ ਵਿਭਾਗ ਵਲੋਂ ਕਿਸਾਨ ਭਵਨ ਸਥਿਤ ਡਾ. ਅਮਰ ਸਿੰਘ ਆਜ਼ਾਦ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਜੈਤੋ, 17 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰਾਸ਼ਟਰੀ ਹੱਥਕਰਘਾ ਦਿਵਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਨਵ ਤ੍ਰਿੰਞਣ ਵਿਭਾਗ ਵਲੋਂ ਕਿਸਾਨ ਭਵਨ ਸਥਿਤ ਡਾ. ਅਮਰ ਸਿੰਘ ਆਜ਼ਾਦ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਕੀਤੀ। ਸਮਾਗਮ ਦੌਰਾਨ ਕੁਦਰਤੀ ਕਪਾਹ ਤੋਂ ਤਿਆਰ ਖਾਦੀ, ਰਵਾਇਤੀ ਬੁਣਾਈ ਦੀ ਕਲਾ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਉਪਰਾਲਿਆਂ ਨੂੰ ਉਭਾਰਿਆ ਗਿਆ। ਸਮਾਗਮ ਦੀ ਸ਼ੁਰੂਆਤ ਨਵ ਤ੍ਰਿੰਞਣ ਦੀ ਨਿਰਦੇਸ਼ਕ ਰੂਪਸੀ ਗਰਗ ਵਲੋਂ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਉਨ੍ਹਾਂ ਰਾਸ਼ਟਰੀ ਹੱਥਕਰਘਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਨਵ ਤ੍ਰਿੰਞਣ ਅਤੇ ਬੁਣਕਰ ਪਾਠਸ਼ਾਲਾ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਵ ਤ੍ਰਿੰਞਣ ਦਾ ਉਦੇਸ਼ ਸਿਰਫ਼ ਖਾਦੀ ਦਾ ਉਤਪਾਦਨ ਕਰਨਾ ਹੀ ਨਹੀਂ, ਸਗੋਂ ਪੰਜਾਬ ਦੀ ਰਵਾਇਤੀ ਹੱਥਕਰਘਾ ਕਲਾ, ਕੁਦਰਤੀ ਖੇਤੀ ਅਤੇ ਸਵਦੇਸ਼ੀ ਜੀਵਨ-ਸ਼ੈਲੀ ਨੂੰ ਮੁੜ ਪ੍ਰਫੁੱਲਤ ਕਰਨਾ ਵੀ ਹੈ। ਇਸ ਮੌਕੇ ਹਰਮੇਲ ਪ੍ਰੀਤ, ਛਿੰਦਰ ਕੌਰ, ਗੁਰਮੀਤ ਕੌਰ, ਗੁਰਸਿਮਰਨ ਲੱਕੀ ਅਤੇ ਰਜਨੀ ਕੌਰ ਨੇ ਕੁਦਰਤੀ ਖੇਤੀ, ਬੁਣਕਰ ਪਾਠਸ਼ਾਲਾ ਅਤੇ ਨਵ ਤ੍ਰਿੰਞਣ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ। ਵਿਧਾਇਕ ਅਮੋਲਕ ਸਿੰਘ ਨੇ ਖੇਤੀ ਵਿਰਾਸਤ ਮਿਸ਼ਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਉਪਰਾਲੇ ਸਮਰਪਣ, ਸੇਵਾ ਅਤੇ ਦ੍ਰਿੜ੍ਹ ਇਰਾਦੇ ਨਾਲ ਹੀ ਸਫ਼ਲ ਹੋ ਸਕਦੇ ਹਨ। ਉਨ੍ਹਾਂ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਨਵ ਤ੍ਰਿੰਞਣ ਵਲੋਂ ਵਿਧਾਇਕ ਅਮੋਲਕ ਸਿੰਘ ਨੂੰ ਕੁਦਰਤੀ ਕਪਾਹ ਤੋਂ ਹੱਥਖੱਡੀ ਉੱਤੇ ਤਿਆਰ ਕੀਤਾ ਤਿਰੰਗਾ ਅਤੇ ਹੋਰ ਹੱਥੀਂ ਬਣੇ ਵਸਤ੍ਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਭੇਟ ਰਵਾਇਤੀ ਬੁਣਾਈ ਦੀ ਕਲਾ, ਸਵਦੇਸ਼ੀ ਉਤਪਾਦਾਂ ਅਤੇ ਕੁਦਰਤੀ ਵਸਤਾਂ ਨੂੰ ਉਤਸ਼ਾਹਿਤ ਕਰਨ ਦੇ ਸੰਦੇਸ਼ ਦਾ ਪ੍ਰਤੀਕ ਬਣੀ। ਆਰ.ਵੀ. ਸ਼ਾਂਤੀ ਨਗਰ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਵਲੋਂ ਕੁਦਰਤੀ ਖੇਤੀ, ਹੱਥਕਰਘਾ ਅਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਯਤਨ ਬੇਹੱਦ ਸ਼ਲਾਘਾਯੋਗ ਹਨ। ਅੰਤ ਵਿਚ ਧੰਨਵਾਦ ਕਰਦਿਆਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕਿ ਨਵ ਤ੍ਰਿੰਞਣ ਦੀ ਯਾਤਰਾ ਨੂੰ ਸਫ਼ਲ ਬਣਾਉਣ ਵਿਚ ਕਿਸਾਨਾਂ, ਬੁਣਕਰਾਂ, ਸਹਿਯੋਗੀਆਂ ਅਤੇ ਮਿਸ਼ਨ ਨਾਲ ਜੁੜੇ ਹਰ ਸਾਥੀ ਦਾ ਅਹਿਮ ਯੋਗਦਾਨ ਹੈ। ਸਮਾਗਮ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ, ਬੁਣਕਰਾਂ, ਸਮਾਜ ਸੇਵੀਆਂ ਅਤੇ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਸਾਥੀਆਂ ਨੇ ਸ਼ਮੂਲੀਅਤ ਕੀਤੀ।