ਡੀ.ਏ.ਵੀ. ਐਜੂਕੇਸ਼ਨਲ ਇੰਸਟੀਚਿਊਟ ਦਾ ਸਾਲਾਨਾ ਸਮਾਰੋਹ ਤੇ ਇਨਾਮ ਵੰਡ ਸਮਾਰੋਹ ਸੰਪੰਨ
ਸ੍ਰੀ ਮੁਕਤਸਰ ਸਾਹਿਬ, 29 ਨਵੰਬਰ (ਰਣਜੀਤ ਸਿੰਘ ਢਿੱਲੋਂ)-ਡੀ. ਏ.
ਸ੍ਰੀ ਮੁਕਤਸਰ ਸਾਹਿਬ, 29 ਨਵੰਬਰ (ਰਣਜੀਤ ਸਿੰਘ ਢਿੱਲੋਂ)-ਡੀ.ਏ.ਵੀ. ਐਜੂਕੇਸ਼ਨਲ ਇੰਸਟੀਚਿਊਟ ਵਿਖੇ ਸਾਲਾਨਾ ਸਮਾਰੋਹ ਅਤੇ ਇਨਾਮ ਵੰਡ ਸਮਾਰੋਹ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਕਲਾ, ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਿਤ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਦੀ ਸ਼ੁਰੂਆਤ ਡੀ.ਏ.ਵੀ. ਐਜੂਕੇਸ਼ਨਲ ਇੰਸਟੀਚਿਊਟ ਦੇ ਸਕੱਤਰ ਰਾਜਿੰਦਰ ਭੰਡਾਰੀ, ਵਿਜੈ ਵਾਟਸ, ਰਾਮ ਪ੍ਰਕਾਸ਼ ਬਾਂਸਲ, ਰਮਨ ਗਿਰਧਰ ਅਤੇ ਸੰਜੀਵ ਗੁਪਤਾ ਵਲੋਂ ਦੀਪ ਜਗਾ ਕੇ ਕੀਤੀ ਗਈ। ਇਸ ਉਪਰੰਤ ਸ਼ਬਦ ਗਾਇਨ ਅਤੇ ਗਾਇਤਰੀ ਮੰਤਰ ਰਾਹੀਂ ਸਮਾਗਮ ਨੂੰ ਆਧਿਆਤਮਿਕ ਰੰਗ ਦਿੱਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਸਤਪਾਲ ਬਾਂਸਲ ਅਤੇ ਰਾਕੇਸ਼ ਬਾਂਸਲ, ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ, ਲੈਕ. ਸ਼ਮਿੰਦਰ ਬੱਤਰਾ, ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਯੂਥ ਅਫ਼ਸਰ ਤਨਵੀ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁੱਖ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਮਨਦੀਪ ਵਾਟਸ ਵਲੋਂ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਡੀ.ਏ.ਵੀ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤ ਗੀਤ ਅਤੇ ਝੂਮਰ ਦੀ ਮਨਮੋਹਕ ਪੇਸ਼ਕਾਰੀ ਕੀਤੀ। ਡੀ.ਏ.ਵੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਫਾਸਟ ਫੂਡ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਪੇਸ਼ਕਾਰੀ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ। ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਨੇ ਬਾਲ ਮਜ਼ਦੂਰੀ ਵਰਗੀ ਸਮਾਜਿਕ ਬੁਰਾਈ ਨੂੰ ਉਜਾਗਰ ਕੀਤਾ, ਜਦਕਿ ਸੀ.ਆਰ.ਐਮ. ਡੀ.ਏ.ਵੀ. ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਮਾਪਿਆਂ ਵਲੋਂ ਬੱਚਿਆਂ ਨੂੰ ਸਮਾਂ ਨਾ ਦੇਣ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਪੰਜਾਬੀ ਲੋਕ ਨਾਚ ਲੁੱਡੀ, ਹਰਿਆਣਵੀ ਲੋਕ ਨਾਚ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਭਾਰਤੀ ਸੱਭਿਆਚਾਰ ਦੀ ਰੰਗੀਨ ਝਲਕ ਪੇਸ਼ ਕੀਤੀ। ਵਿਦਿਆਰਥੀਆਂ ਵਲੋਂ ਨੈਵਰ ਗਿਵ ਅੱਪ ਵਿਸ਼ੇ ’ਤੇ ਪੇਸ਼ਕਾਰੀ ਅਤੇ ਵੱਖ-ਵੱਖ ਸਕਿੱਟਾਂ ਰਾਹੀਂ ਹੌਂਸਲੇ, ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹਾ ਦਿੱਤਾ ਗਿਆ। ਮਿਕਸ ਗੀਤ, ਸੋਲੋ ਡਾਂਸ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਸਮਾਰੋਹ ਦੌਰਾਨ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ। ਮੁੱਖ ਮਹਿਮਾਨ ਵਲੋਂ ਭੇਜੇ ਗਏ ਸੰਦੇਸ਼ ਨੂੰ ਪ੍ਰਿੰਸੀਪਲ ਰਜੀਵ ਕੁਮਾਰ ਚੁੱਘ ਨੇ ਪੜ੍ਹ ਕੇ ਸੁਣਾਇਆ। ਅੰਤ ਵਿਚ ਹਰਪਾਲ ਕੌਰ ਨੇ ਸਮਾਗਮ ਵਿਚ ਸ਼ਾਮਿਲ ਹੋਏ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਗੁਰਜੀਤ ਕੌਰ, ਸਤਨਾਮ ਕੌਰ ਅਤੇ ਅਧਿਆਪਕਾ ਅੰਜੂ ਨੇ ਕੀਤਾ।