ਪਟਿਆਲਾ, 31 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਬੀਤੇ ਦਿਨੀਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਨਵੇਂ ਮਨਰੇਗਾ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਦਿੱਤਾ ਗਿਆ ਉੱਥੇ ਹੀ ਮਨਰੇਗਾ ਕਨੂੰਨਾਂ ਖਿਲਾਫ ਰੰਧਾਵਾ ਦੀ ਅਗਵਾਈ ਹੇਠ ਸਾਂਸਦ ਡਾ. ਅਮਰ ਸਿੰਘ ਤੇ ਡਾ. ਧਰਮਵੀਰ ਗਾਂਧੀ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ | ਮਨਰੇਗਾ ਕਾਨੂੰਨਾਂ ਦੇ ਵਿਰੋਧ ਦੇ ਚੱਲਦੇ ਚੱਲਦੇ ਅੱਜ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲਾ ਪ੍ਰਧਾਨ ਰੇਖਾ ਅਗਰਵਾਲ ਤੇ ਭੁਪਿੰਦਰ ਕੌਰ ਦੀ ਅਗਵਾਈ ਪੰਜਾਬ ਦੀ 'ਆਪ' ਸਰਕਾਰ ਵਲੋਂ ਔਰਤਾਂ ਨਾਲ ਕੀਤੇ ਗਏ ਵੱਡੇ ਧੋਖੇ ਦੇ ਵਿਰੋਧ ਵਿਚ, ਹਰ ਔਰਤ ਨੂੰ ਹਜ਼ਾਰ ਰੁਪਿਆ ਮਹੀਨਾ ਦੇਣ ਦੀ ਮੰਗ ਰੱਖਦੇ ਹੋਏ ਡੀ.ਸੀ. ਦਫਤਰ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਮਹਿਲਾ ਕਾਂਗਰਸ ਔਰਤਾਂ ਦੇ ਹੱਕਾਂ ਲਈ ਆਪਣੀ ਲੜਾਈ ਲੜ ਰਹੀ ਹੈ ਦੂਜੇ ਪਾਸੇ ਆਮ ਆਦਮੀ ਸਰਕਾਰ ਸਮੇਂ ਸਮੇਂ ਤੇ ਔਰਤਾਂ ਨੂੰ ਹਜ਼ਾਰ ਰੁਪਇਆ ਦੇਣ ਦੀ ਗਰੰਟੀ ਦੀ ਤਰੀਕ ਅੱਗੇ ਪਾ ਕੇ ਔਰਤਾਂ ਤੇ ਬੇਟੀਆਂ ਦਾ ਮਜ਼ਾਕ ਉਡਾ ਰਹੀ ਹੈ | ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਤੇ ਇੰਚਾਰਜ ਨਤਾਸ਼ਾ ਸ਼ਰਮਾ ਦੀ ਅਗਵਾਈ ਹੇਠ ਹਜ਼ਾਰਾਂ ਔਰਤਾਂ ਨੇ ਵਿਧਾਨ ਸਭਾ ਚੰਡੀਗੜ੍ਹ ਦਾ ਘਿਰਾਓ ਕੀਤਾ ਸੀ ਅਤੇ ਆਪਣੀ ਮੰਗ ਰੱਖੀ ਸੀ, ਜਿਸ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਔਰਤਾਂ ਦੀ ਵੱਡੀ ਗਿਣਤੀ ਅਤੇ ਰੋਹ ਨੂੰ ਦੇਖਦੇ ਹੋਏ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਦਾ ਪ੍ਰਯੋਗ ਕੀਤਾ ਗਿਆ | ਇਸੇ ਦੌਰਾਨ ਜ਼ਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਤੇ ਦਿਹਾਤੀ ਪ੍ਰਧਾਨ ਭੁਪਿੰਦਰ ਕੌਰ ਕੌਰਜੀਵਾਲਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਮਹਿਲਾਵਾਂ ਦੇ ਹੱਕਾਂ ਲਈ ਆਪਣੀ ਲੜਾਈ ਜਾਰੀ ਰਖੇਗੀ | ਇਸ ਮੌਕੇ 'ਤੇ ਯਾਮਿਨੀ ਵਰਮਾ, ਰੁਪਿੰਦਰ ਕੌਰ ਜਲਾਲਪੁਰ, ਲਤਾ ਵਰਮਾ, ਪਿ੍ੰਸੀਪਲ ਅਮਰਜੀਤ ਕੌਰ, ਮਨਜੀਤ ਕੌਰ ਭੱਠਲ, ਬਲਵਿੰਦਰ ਕੌਰ ਨਿਆਲ ਪ੍ਰਧਾਨ ਪਾਤੜਾ, ਪੂਜਾ ਗਰਗ ਸਮਾਣਾ, ਰੇਨੂੰ ਬਾਲਾ, ਗੁਰਮੀਤ ਕੌਰ, ਪੱਲਵੀ ਜੈਨ, ਲਲਿਤਾ ਰਾਓ, ਹਰਵਿੰਦਰ ਕੌਰ, ਗੁਰਪ੍ਰੀਤ ਸਿੰਘ ਪੀਏ, ਕਾਲਾ ਬਠੋਈ, ਪ੍ਰਭ ਭਿੰਡਰ ਵੀ ਹਾਜ਼ਰ ਰਹੇ | ਇਸੇ ਦੌਰਾਨ ਸਮੂਹ ਮਹਿਲਾ ਕਾਂਗਰਸ ਤੇ ਸਾਬਕਾ ਏ.ਆਈ.ਜੀ. ਗੁਰਿੰਦਰ ਸਿੰਘ ਢਿੱਲੋ ਨੇ ਤਹਿਸੀਲਦਾਰ ਰਾਹੀਂ ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ |