ਸਮਾਣਾ, 31 ਦਸੰਬਰ (ਸਾਹਿਬ ਸਿੰਘ)-ਸਮਾਣਾ ਪੁਲਿਸ ਨੇ ਸਾਲ 2025 ਦੇ ਆਖ਼ਰੀ ਦਿਨ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੀ ਇਸ ਸਾਲ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ | ਥਾਣਾ ਸ਼ਹਿਰੀ ਸਮਾਣਾ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਸਮਾਣਾ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਵਿਚ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੌਰਾਨ ਸਾਲ 2025 ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ | ਬਰਾੜ ਨਾਲ ਥਾਣਾ ਸ਼ਹਿਰੀ ਦੇ ਮੁਖੀ ਬਲਜੀਤ ਸਿੰਘ ਤੇ ਥਾਣਾ ਸਦਰ ਦੇ ਮੁਖੀ ਅਜੇ ਪਰੋਚਾ ਵੀ ਮੌਜੂਦ ਸਨ | ਬਰਾੜ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ 188 ਮੁਕੱਦਮੇ ਕਰਕੇ 254 ਕਥਿਤ ਸਮਗਲਰਾਂ ਨੂੰ ਸਲਾਖ਼ਾਂ ਪਿੱਛੇ ਡੱਕਿਆ ਹੈ | ਉਨ੍ਹਾਂ ਦੱਸਿਆ ਸਾਲ ਵਿਚ 6.5 ਕਿੱਲੋ ਅਫ਼ੀਮ, 435 ਕਿੱਲੋ ਭੁੱਕੀ, 24 ਹਜ਼ਾਰ ਨਸ਼ੀਲੀਆਂ ਗੋਲੀਆਂ, 1500 ਨਸ਼ੀਲੇ ਕੈਪਸੂਲ, 275 ਗ੍ਰਾਮ ਨਸ਼ੀਲਾ ਪਦਾਰਥ, ਗਾਂਜਾ 4.5 ਕਿੱਲੋ, ਹੈਰੋਇਨ 262 ਗ੍ਰਾਮ ਅਤੇ 34 ਹਜ਼ਾਰ ਰੁਪਏ 'ਡਰੱਗ ਮਨੀ' ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ 8 ਕੇਸ ਮਨਜ਼ੂਰ ਕਰਵਾਏ ਗਏ ਹਨ ਅਤੇ 1.30 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ | ਉਨ੍ਹਾਂ ਆਖਿਆ ਕਿ ਨਸ਼ੀਲੇ ਪਦਾਰਥਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਿਸੇ ਪ੍ਰਕਾਰ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਜਨਤਾ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਕਰਕੇ ਨਿਰੋਆ ਸਮਾਜ ਸਿਰਜਣ ਵਿਚ ਸਹਿਯੋਗ ਕੀਤਾ ਜਾਵੇ |