ਪਟਿਆਲਾ, 31 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਵੇਂ ਸਾਲ ਦੇ ਮੌਕੇ ਪਟਿਆਲਾ ਵਾਸੀਆਂ ਨੂੰ ਵੱਡੀ ਰਾਹਤ ਦੇਣ ਦੀ ਦਿਸ਼ਾ 'ਚ ਨਗਰ ਨਿਗਮ ਪਟਿਆਲਾ ਵਲੋਂ ਅਹਿਮ ਕਦਮ ਚੁੱਕਿਆ ਗਿਆ ਹੈ | ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਨਗਰ ਨਿਗਮ ਅਧਿਕਾਰੀਆਂ ਅਤੇ ਸਟਾਫ਼ ਦੇ ਨਾਲ ਮਿਲ ਕੇ ਘਲੋੜੀ ਗੇਟ ਮੜ੍ਹੀਆਂ ਨੇੜੇ ਡੌਗ ਸ਼ੈਲਟਰ ਬਣਾਉਣ ਲਈ ਨਿਰਧਾਰਿਤ ਕੀਤੀ ਜਾ ਰਹੀ ਜ਼ਮੀਨ ਦਾ ਮੌਕੇ 'ਤੇ ਪਹੁੰਚ ਕੇ ਵਿਸਥਾਰ ਨਾਲ ਮੁਆਇਨਾ ਕੀਤਾ | ਮੇਅਰ ਨੇ ਦੱਸਿਆ ਕਿ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਲੋਕਾਂ, ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਦਿਨੋਂ-ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਨਗਰ ਨਿਗਮ ਵਲੋਂ ਘਲੋੜੀ ਗੇਟ ਮੜ੍ਹੀਆਂ ਨੇੜੇ ਸਰਕਾਰੀ ਕਾਰਪੋਰੇਸ਼ਨ ਦੀ ਜ਼ਮੀਨ 'ਤੇ ਇਕ ਵਿਸ਼ਾਲ ਅਤੇ ਆਧੁਨਿਕ ਡੌਗ ਸ਼ੈਲਟਰ ਬਣਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਮੁਆਇਨੇ ਦੌਰਾਨ ਮੇਅਰ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਡੌਗ ਸ਼ੈਲਟਰ ਨਾਲ ਸੰਬੰਧਿਤ ਸਾਰੀਆਂ ਪ੍ਰਕਿਰਿਆਵਾਂ ਨੂੰ ਤੁਰੰਤ ਪੂਰਾ ਕਰਕੇ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਅਤੇ ਇਸ ਪ੍ਰੋਜੈਕਟ ਨੂੰ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜਿਆ ਜਾਵੇ | ਉਨ੍ਹਾਂ ਕਿਹਾ ਕਿ ਇਹ ਸੈਂਟਰ ਸਿਰਫ ਕੁੱਤਿਆਂ ਨੂੰ ਇਕੱਠਾ ਕਰਨ ਲਈ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ, ਟੀਕਾਕਰਨ, ਇਲਾਜ ਅਤੇ ਖ਼ੁਰਾਕ ਦੀ ਸੁਚੱਜੀ ਵਿਵਸਥਾ ਲਈ ਵੀ ਇਕ ਮਾਡਲ ਕੇਂਦਰ ਹੋਵੇਗਾ | ਮੇਅਰ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਡੌਗ ਲਵਰਜ ਅਤੇ ਪਸ਼ੂ-ਪ੍ਰੇਮੀਆਂ ਦੀ ਭਾਵਨਾ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਸ਼ੈਲਟਰ ਦੇ ਸੰਚਾਲਨ ਦੌਰਾਨ ਐਨ.ਜੀ.ਓਜ. ਅਤੇ ਪਸ਼ੂ-ਕਲਿਆਣ ਨਾਲ ਜੁੜੀਆਂ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇਗਾ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਸ ਡੌਗ ਸ਼ੈਲਟਰ 'ਤੇ ਲਗਭਗ 50 ਲੱਖ ਤੋਂ 1 ਕਰੋੜ ਰੁਪਏ ਤੱਕ ਦੀ ਲਾਗਤ ਆਉਣ ਦੀ ਸੰਭਾਵਨਾ ਹੈ | ਮੁਆਇਨੇ ਦੌਰਾਨ ਮੇਅਰ ਨਾਲ, ਐੱਸ.ਸੀ. ਰਾਜਿੰਦਰ ਚੋਪੜਾ, ਸੈਨਟਰੀ ਇੰਸਪੈਕਟਰ ਰਿਸ਼ਵ ਗੁਪਤਾ, ਡ੍ਰਾਫ਼ਟਮੈਨ ਮੋਹਿਤ ਜੈਨ ਅਤੇ ਨਗਰ ਨਿਗਮ ਦਾ ਹੋਰ ਸਟਾਫ਼ ਵੀ ਮੌਜੂਦ ਰਿਹਾ |