ਖਮਾਣੋਂ, 1 ਜਨਵਰੀ (ਜੋਗਿੰਦਰ ਪਾਲ)-ਗੁਰੂ ਅਮਰਦਾਸ ਪਬਲਿਕ ਸਕੂਲ, ਫਰੌਰ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਦਰਬਾਰ ਵਿਖੇ ਬਾਬਾ ਸਰਬਜੀਤ ਸਿੰਘ ਭੱਲਾ ਦੀ ਰਹਿਨੁਮਾਈ ਹੇਠ 2025 ਦਾ ਸ਼ੁਕਰਾਨਾ ਤੇ ਸਾਲ 2026 ਦੇ ਆਗਮਨ ਦਿਵਸ ਦੇ ਸੰਬੰਧ 'ਚ ਨਵਾਂ ਸਾਲ ਗੁਰੂ ਦੇ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਸਮਾਗਮ ਮੌਕੇ ਮੰਚ ਸੰਚਾਲਨ ਦੀ ਸੇਵਾ ਕਥਾ ਵਾਚਕ ਭਾਈ ਤੇਜਿੰਦਰ ਸਿੰਘ ਵਲੋਂ ਨਿਭਾਈ ਗਈ | ਇਸ ਮੌਕੇ ਕੀਰਤਨ ਸਮਾਗਮ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਨਾਲ ਕੀਤੀ ਗਈ | ਉਪਰੰਤ ਪਹੁੰਚੇ ਵੱਖ-ਵੱਖ ਕੀਰਤਨੀ ਜਥਿਆਂ ਨੇ ਸੰਗਤ ਨੂੰ ਰਸ-ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ | ਕੀਰਤਨ ਤੇ ਕਥਾ ਕਰਦਿਆਂ ਰਾਗੀ ਜਥਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਵੇਂ ਸਾਲ ਦੀ ਆਮਦ 'ਤੇ ਸੋਚ ਬਦਲਣ ਅਤੇ ਨਵਾਂ ਸਾਲ ਗੁਰੂ ਦੇ ਚਰਨਾਂ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਬਤੀਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਵੇਂ ਸਾਲ ਮੌਕੇ ਬਾਬਾ ਭੱਲਾ ਵਲੋਂ ਹਰ ਸਾਲ ਕਰਵਾਏ ਜਾਂਦਾ ਮਹਾਨ ਕੀਰਤਨ ਦਰਬਾਰ ਅਤਿ ਸ਼ਲਾਘਾਯੋਗ ਹੈ | ਬਾਬਾ ਸਰਬਜੀਤ ਸਿੰਘ ਭੱਲਾ ਵਲੋਂ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਸੰਬੋਧਨ 'ਚ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ | ਉਨ੍ਹਾਂ ਸੰਗਤ ਨੂੰ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸੰਗਤ ਵਲੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਦਾ ਗੁਣ ਗਾਣ ਕਰਦਿਆਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਦੌਰਾਨ ਵੱਡੀ ਗਿਣਤੀ 'ਚ ਖਮਾਣੋਂ ਇਲਾਕੇ ਤੇ ਦੂਰ ਦੁਰੇਡੇ ਦੀ ਸੰਗਤ ਨੇ ਹਾਜ਼ਰੀ ਭਰੀ ਅਤੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਪਹੁੰਚੇ ਕੀਰਤਨੀ ਜਥਿਆਂ ਅਤੇ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ |