ਸਮਾਣਾ, 1 ਜਨਵਰੀ (ਸਾਹਿਬ ਸਿੰਘ)-ਉਪ-ਮੰਡਲ ਸਮਾਣਾ ਦੇ ਪਿੰਡ ਬਲਮਗੜ੍ਹ ਦਾ ਫ਼ੌਜੀ ਜਵਾਨ ਜੈਪਾਲ ਸਿੰਘ ਪੁੱਤਰ ਸੰਪੂਰਨ ਸਿੰਘ ਜੰਮੂ-ਕਸ਼ਮੀਰ ਵਿਚ 'ਸ਼ਹੀਦ' ਹੋ ਗਿਆ ਹੈ, ਜਿਸ ਦਾ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ | ਇਸ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵਲੋਂ ਉਨ੍ਹਾਂ ਦੇ ਨਿੱਜੀ ਸਹਾਇਕ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਉਪ-ਮੰਡਲ ਅਫ਼ਸਰ ਸਮਾਣਾ ਰਿਚਾ ਗੋਇਲ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਮੀਤ ਸਿੰਘ, ਪੰਚਾਇਤ ਅਫ਼ਸਰ ਜਤਿੰਦਰ ਸਿੰਘ ਅਤੇ ਫ਼ੌਜੀ ਅਧਿਕਾਰੀਆਂ ਨੇ ਮਿ੍ਤਕ ਦੇਹ 'ਤੇ ਰੀਥਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੈਪਾਲ ਸਿੰਘ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ | ਦੋ ਦਿਨ ਬਾਅਦ ਉਨ੍ਹਾਂ ਨੂੰ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ | ਉਹ ਕਰੀਬ ਨੌਂ ਸਾਲ ਤੋਂ ਫ਼ੌਜ ਵਿਚ ਭਰਤੀ ਸੀ ਅਤੇ 20 ਪੰਜਾਬ ਰੈਜੀਮੈਂਟ ਦਾ ਜਵਾਨ ਸੀ | ਉਹ ਆਪਣੇ ਪਿੱਛੇ ਪਤਨੀ ਪ੍ਰਨੀਤ ਕੌਰ, 3 ਸਾਲ ਦਾ ਬੇਟਾ ਤੇ 7 ਮਹੀਨਿਆਂ ਦੀ ਧੀ ਛੱਡ ਗਿਆ ਹੈ | ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਉਹ ਪਿਛਲੇ 4-5 ਦਿਨ ਤੋਂ ਬਿਮਾਰ ਦੱਸਿਆ ਜਾ ਰਿਹਾ ਸੀ ਅਤੇ ਸਵੇਰੇ ਉਹ ਸਾਰਿਆਂ ਨੂੰ ਅਲਵਿਦਾ ਕਹਿ ਗਿਆ | ਪਤਨੀ ਨੇ ਦੱਸਿਆ ਕਿ ਉਹ ਵਾਰ-ਵਾਰ ਕਹਿੰਦੇ ਸੀ ਕਿ ਉਹ ਸ਼ਹੀਦ ਹੋ ਕੇ ਆਉਣਗੇ | ਚੇਤੇ ਰੱਖਣਯੋਗ ਹੈ ਕਿ ਇਸ ਪਿੰਡ ਦਾ ਪਹਿਲਾਂ ਵੀ ਇਕ ਜਵਾਨ ਜੰਮੂ-ਕਸ਼ਮੀਰ ਵਿਚ ਵੱਖਵਾਦੀਆਂ ਨਾਲ ਲੜਦਾ ਸ਼ਹੀਦ ਹੋ ਗਿਆ ਸੀ | ਜੈਪਾਲ ਸਿੰਘ ਦੇ 'ਸ਼ਹੀਦ' ਹੋਣ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ |