ਰਾਜਪੁਰਾ, 2 ਜਨਵਰੀ (ਜੀ.ਪੀ. ਸਿੰਘ)-ਸਥਾਨਕ ਫੋਕਲ ਪੁਆਇੰਟ ਦੀ ਨਾਰਨੋਲ ਕਾਲੋਨੀ ਵਿਖੇ ਸ਼ੁੱਕਰਵਾਰ ਤੜਕੇ ਕਰੀਬ 4 ਵਜੇ ਪਲਾਟ ਦੇ ਸ਼ੈੱਡ ਹੇਠ ਖੜ੍ਹੀਆਂ ਕਾਰ, ਥਾਰ ਜੀਪ, ਐਕਟਿਵਾ ਅਤੇ ਹੋਰ ਸਮਾਨ ਅੱਗ ਦੀ ਭੇਟ ਚੜ੍ਹ ਕੇ ਸੁਆਹ ਹੋ ਗਿਆ | ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਰਾਜਪੁਰਾ, ਐੱਸ.ਐੱਚ.ਓ. ਸ਼ਹਿਰੀ ਥਾਣਾ ਅਤੇ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਨੇ ਮੌਕੇ ਦਾ ਦੌਰਾ ਕਰਕੇ ਅੱਗ ਲੱਗਣ ਦੀ ਘਟਨਾ ਦੇ ਮਾਮਲੇ ਦੀ ਜਾਂਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਸ਼ੁਰੂ ਕਰ ਦਿੱਤੀ ਹੈ | ਘਰ ਦੇ ਮਾਲਕ ਗੁਰਚਰਨ ਸਿੰਘ ਵਾਸੀ ਨਾਰਨੌਲ ਕਾਲੋਨੀ ਨੇ ਦੱਸਿਆ ਕਿ ਉਸ ਦੇ ਘਰ ਦੇ ਬਿਲਕੁਲ ਸਾਹਮਣੇ ਪਲਾਟ ਦੇ ਸ਼ੈੱਡ ਦੇ ਥੱਲੇ੍ਹ ਉਸ ਦੇ ਵੱਡੇ ਲੜਕੇ ਸਰਬਜੀਤ ਸਿੰਘ ਦੀ ਥਾਰ ਜੀਪ ਅਤੇ ਛੋਟੇ ਲੜਕੇ ਦੀ ਅਲਕਾਜ਼ਾਰ ਕਾਰ ਸਮੇਤ ਇਕ ਐਕਟਿਵਾ ਖੜ੍ਹੀ ਹੋਣ ਤੋਂ ਇਲਾਵਾ ਹੋਰ ਕੀਮਤੀ ਸਮਾਨ ਪਿਆ ਸੀ | ਜਿਸ 'ਤੇ ਸਾਨੂੰ ਨਾਲ ਪੈਂਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਨੂੰ ਅੱਗ ਲੱਗ ਗਈ ਹੈ | ਜਦੋਂ ਉਹ ਆਪਣੇ ਲੜਕਿਆਂ ਸਮੇਤ ਘਰ ਤੋਂ ਬਾਹਰ ਆ ਕੇ ਦੇਖਿਆ ਕਿ ਗੱਡੀਆਂ ਨੂੰ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਸੀ | ਇਸ ਦੌਰਾਨ ਉਹ ਆਪਣੇ ਪਰਿਵਾਰ ਸਮੇਤ ਪਾਣੀ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬਿ੍ਗੇਡ ਦੀ ਗੱਡੀ ਪਹੁੰਚੀ ਉਦੋਂ ਤੱਕ ਦੋਵੇਂ ਗੱਡੀਆਂ, ਐਕਟਿਵਾ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਸੁੁਆਹ ਹੋ ਚੁੱਕਿਆ ਸੀ | ਉਨ੍ਹਾਂ ਦੱਸਿਆ ਕਿ ਇਕ ਗਰੀਬ ਪਰਿਵਾਰ ਦੀ ਔਰਤ ਰਣਜੀਤ ਕੌਰ ਦੀ ਲੜਕੀ ਦੇ ਦਹੇਜ ਦਾ ਸਮਾਨ ਜਿਵੇਂ ਪੇਟੀ ਅਤੇ ਹੋਰ ਘਰੇਲੂ ਸਮਾਨ ਵੀ ਸ਼ੈੱਡ ਹੇਠ ਪਿਆ ਸੀ | ਉਸ ਦਾ ਸਮਾਨ ਵੀ ਅੱਗ ਦੀ ਲਪੇਟ 'ਚ ਆਉਣ ਕਰਕੇ ਬੁਰੀ ਤਰ੍ਹਾਂ ਨਸ਼ਟ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਅੱਗ ਦੀ ਘਟਨਾ ਸੰਬੰਧੀ ਪੁਲਿਸ ਚੌਂਕੀ ਬੱਸ ਸਟੈਂਡ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਰਾਜਪੁਰਾ ਮਨਜੀਤ ਸਿੰਘ, ਐੱਸ.ਐੱਚ.ਓ. ਸ਼ਹਿਰੀ ਥਾਣਾ ਗੁਰਸੇਵਕ ਸਿੰਘ ਅਤੇ ਚੌਂਕੀ ਇੰਚਾਰਜ ਬਲਬੀਰ ਸਿੰਘ ਨੇ ਮੌਕੇ 'ਤੇ ਪਹੁੰਚ ਗਏ ਅਤੇ ਪੁਲਿਸ ਨੇ ਗੁਆਂਢੀਆਂ ਦੇ ਘਰ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੱਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |