ਪਾਤੜਾਂ, 2 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹਾਂ ਦੌਰਾਨ ਲੋਕਾਂ ਦੀ ਕੀਤੀ ਗਈ ਸਹਾਇਤਾ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਹੋਏ ਹਰ ਪੱਖੋਂ ਵਿਕਾਸ ਨੂੰ ਯਾਦ ਕਰਦੇ ਹੋਏ ਲੋਕ ਹੁਣ ਅਕਾਲੀ ਦਲ ਨਾਲ ਆਪ ਮੁਹਾਰੇ ਜੁੜ ਰਹੇ ਹਨ | ਹਲਕਾ ਸ਼ੁਤਰਾਣਾ ਵਿਚ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਅਤੇ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਮੁਖੀ ਕਬੀਰ ਦਾਸ ਵਲੋਂ ਕੀਤੀ ਗਈ ਸਖਤ ਮਿਹਨਤ ਨਾਲ ਪਟਿਆਲਾ ਜ਼ਿਲੇ੍ਹ ਦੇ ਸਾਰੇ ਹਲਕਿਆਂ ਨਾਲੋਂ ਹਲਕਾ ਸ਼ੁਤਰਾਣਾ ਵਿਚ ਸਭ ਤੋਂ ਵੱਧ ਬਲਾਕ ਸੰਮਤੀ ਮੈਂਬਰਾਂ ਦੀ ਜਿੱਤ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪਾਤੜਾਂ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹਾਂ ਦੌਰਾਨ ਸਾਰੇ ਪੰਜਾਬ ਦੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਉਸੇ ਤਰ੍ਹਾਂ ਹੀ ਹਲਕਾ ਸ਼ੁਤਰਾਣਾ ਵਿਚ ਵੀ ਹੜ੍ਹਾਂ ਤੋਂ ਬਚਾਅ ਲਈ ਜਿੱਥੇ ਕਿਸਾਨਾਂ ਨੂੰ ਹਜ਼ਾਰਾਂ ਲੀਟਰ ਡੀਜ਼ਲ ਦਿੱਤਾ ਉੱਥੇ ਹੀ ਲੱਖਾਂ ਰੁਪਏ ਦੀ ਨਗਦ ਰਾਸ਼ੀ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਿਸ ਦੀ ਬਦੌਲਤ ਇਸ ਹਲਕੇ ਦੇ ਲੋਕਾਂ ਨੇ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਆਪਣੀਆਂ ਫਸਲਾਂ ਦਾ ਬਚਾ ਕੀਤਾ ਇੱਥੇ ਹੀ ਬੱਸ ਨਹੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਾਈ ਗਈ ਡਿਊਟੀ ਨੂੰ ਨਿਭਾਉਂਦਿਆਂ ਜਿੱਥੇ ਸਮੁੱਚੇ ਪੰਜਾਬ ਦੇ ਜ਼ਿਆਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਲਈ ਰਾਸ਼ਨ ਭੇਜਿਆ ਗਿਆ ਉੱਥੇ ਹੀ ਕਈ ਕੁਇੰਟਲ ਬੀਜ ਉੱਥੇ ਭੇਜੇ ਜਾਣ ਤੋਂ ਇਲਾਵਾ ਹਲਕਾ ਸ਼ੁਤਰਾਣਾਂ ਵਿਚ ਵੀ ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਬੀਜ ਦੇ ਕੇ ਸਹਾਇਤਾ ਕੀਤੀ ਗਈ | ਜਿਸ ਦੀ ਬਦੋਲਤ ਇਸ ਵਾਰ ਹੋਈਆਂ ਜਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਸਤ੍ਹਾਧਾਰੀ ਪਾਰਟੀ ਨੂੰ ਸਖਤ ਟੱਕਰ ਦਿੱਤੀ ਅਤੇ 1 ਜਿਲ੍ਹਾ ਪ੍ਰੀਸ਼ਦ ਅਤੇ 7 ਬਲਾਕ ਸੰਮਤੀਆਂ ਜਿੱਤਣ ਦਾ ਵੱਡਾ ਮਾਣ ਅਕਾਲੀ ਦਲ ਨੇ ਹਾਸਲ ਕੀਤਾ ਹੈ |