ਰਾਜਪੁਰਾ, 3 ਜਨਵਰੀ (ਰਣਜੀਤ ਸਿੰਘ)-ਪੰਜਾਬ 'ਚ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਹੈ ਅਤੇ ਲੋਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ (ਪੁਨਰ ਸੁਰਜੀਤ) ਡੀ.ਟੀ.ਓ. ਕਰਨ ਸਿੰਘ ਨੇ ਕੇਂਦਰੀ ਗੁਰਦੁਆਰਾ ਸੀ੍ਰ ਗੁਰੂ ਸਿੰਘ ਸਭਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ | ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕੀ ਸ੍ਰੀ ਅਕਾਲ ਤਖਤ ਤੋਂ ਭਗੌੜੇ ਹਨ ਉਨ੍ਹਾਂ ਨੂੰ ਲੋਕੀ ਕਿਸੇ ਵੀ ਕੀਮਤ 'ਤੇ ਮੂੰਹ ਨਹੀਂ ਲਾ ਰਹੇ | ਉਨ੍ਹਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਹਾਲ ਹੀ ਵਿਚ ਪੀ.ਏ.ਸੀ. ਦੀ ਬਣਾਏ ਗਈ 25 ਮੈਂਬਰੀ ਕਮੇਟੀ ਦਾ ਵੀ ਸਵਾਗਤ ਕਰਨੇ ਹਨ ਅਤੇ ਰਣਧੀਰ ਸਿੰਘ ਰੱਖੜਾ ਨੂੰ ਜ਼ਿਲ੍ਹਾ ਪ੍ਰਧਾਨ ਲਾਉਣ ਦੇ ਫ਼ੈਸਲੇ ਦੀ ਉਹ ਬਹੁਤ ਸ਼ਲਾਘਾ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਸੁਧਾਰ ਲਹਿਰ 'ਚ ਹਰ ਆਗੂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਾਰਟੀ ਵੱਡੇ ਪੱਧਰ 'ਤੇ ਲੀਡ ਕਰੇਗੀ ਅਤੇ ਆਪਣੀ ਸਰਕਾਰ ਬਣਾਵੇਗੀ | ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੂਬੇ ਤੇ ਲੋਕ ਮਣਾਂ-ਮੂੰਹੀ ਔਖੇ ਹੋਏ ਬੈਠੇ ਹਨ ਅਤੇ ਵਿਧਾਨ ਸਭਾ ਚੋਣਾਂ 'ਚ ਧੋਬੀ ਪਟੜਾ ਮਾਰਨ ਦਾ ਮਨ ਬਣਾਈ ਬੈਠੇ ਹਨ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸੰਮਤੀ ਚੋਣਾਂ 'ਚ ਆਏ ਨਤੀਜਿਆਂ ਦਾ ਲੇਖਾ ਜੋਖਾ 'ਆਪ' ਸਰਕਾਰ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਅਤੇ ਇਹ ਪੰਜਾਬ ਦੇ ਲੋਕਾਂ ਨੇ ਇਕ ਤਰ੍ਹਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸ਼ੀਸ਼ਾ ਵਿਖਾ ਦਿੱਤਾ ਹੈ | ਡੀ.ਟੀ.ਓ. ਕਰਨ ਸਿੰਘ ਨੇ ਅੱਗੇ ਕਿਹਾ ਕਿ 'ਆਪ' ਸਰਕਾਰ ਨੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ | ਉਨ੍ਹਾਂ ਨੇ ਕਿਹਾ ਕਿ ਬੀਬੀਆਂ ਨੂੰ ਇਕ-ਇਕ ਹਜ਼ਾਰ ਰੁਪਏ ਪੈਨਸ਼ਨ ਦਾ ਲਾਰਾ ਲਾ ਕੇ 'ਆਪ' ਸਰਕਾਰ ਪੰਜਾਬ ਦੇ ਕਾਬਜ਼ ਹੋ ਗਈ ਸੀ ਪਰ ਹੁਣ ਲੋਕ ਆਪਣੇ ਕੀਤੇ 'ਤੇ ਪਛਤਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ | ਪਿੰਡਾਂ 'ਚ ਨਸ਼ਾ ਆਮ ਮਿਲਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਦਿਨ ਦਿਹਾੜੇ ਨੌਜਵਾਨ ਪੀੜੀ ਮੌਤ ਦੇ ਮੂੰਹ ਜਾ ਰਹੀ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੁਲਾਜ਼ਮ, ਮਜ਼ਦੂਰ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕੀ ਪ੍ਰਧਾਨ ਹਨ | ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਗੱਲਾਂ ਦਾ ਕੜਾਹ ਕਰਨ ਵਾਲੀ ਪਾਰਟੀ ਹੈ | ਇਸ ਮੌਕੇ ਪ੍ਰਧਾਨ ਅਬਰਿੰਦਰ ਸਿੰਘ ਕੰਗ, ਮੈਨੇਜਰ ਰਮਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |