ਨਾਭਾ, 4 ਜਨਵਰੀ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰ ਹਾਜ਼ਰੀ 'ਚ ਪੰਜਾਬ ਦੇ ਸਰਕਾਰੀ ਜਹਾਜ਼ ਦੀ ਉਡਾਣ ਸੰਬੰਧੀ ਸਵਾਲ ਕਰਨ ਵਾਲੇ ਪੰਜਾਬ ਦੇ ਕੁਝ ਪੱਤਰਕਾਰਾਂ ਉੱਪਰ ਪੁਲਿਸ ਵਲੋਂ ਪਰਚਾ ਦਰਜ ਕਰਨ ਤੋਂ ਬਾਅਦ ਸੂਬੇ ਭਰ ਦੇ ਪੱਤਰਕਾਰਾਂ 'ਚ ਰੋਸ ਦੀ ਲਹਿਰ ਹੈ | ਵੱਖ-ਵੱਖ ਪੱਤਰਕਾਰਾਂ ਉੱਪਰ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਸਥਾਨਕ ਪਟਿਆਲਾ ਗੇਟ ਵਿਖੇ ਪਾਰਟੀ ਵਰਕਰਾਂ ਵਲੋਂ ਕਾਲੀਆਂ ਝੰਡੀਆਂ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ | ਉਪਰੰਤ ਕੌਮੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਪੱਤਰਕਾਰਾਂ 'ਤੇ ਝੂਠਾ ਮਾਮਲਾ ਦਰਜ ਕਰਕੇ ਲੋਕਤੰਤਰੀ ਪ੍ਰਣਾਲੀ ਦਾ ਘਾਣ ਕੀਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਪੁਲਿਸ ਦਾ ਡਰ ਦਿਖਾ ਕੇ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਗਲਤ ਕੰਮਾਂ ਦੇ ਖ਼ਿਲਾਫ਼ ਲਿਖਣ ਦੇ ਬੋਲਣ ਵਾਲਿਆਂ ਦੀ ਜ਼ੁਬਾਨਬੰਦੀ ਕਰਨਾ ਚਾਹੁੰਦੀ ਹੈ, ਜੋ ਸਮੇਂ ਦੀ ਹਕੂਮਤ ਦਾ ਭਰਮ ਭੁਲੇਖਾ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਮੀਡੀਆ ਵਿਰੋਧੀ ਸਰਕਾਰਾਂ ਤੇ ਸਿਆਸੀ ਪਾਰਟੀਆਂ ਨੂੰ ਨਤੀਜੇ ਭੁਗਤਣੇ ਪਏ ਹਨ | ਇਸ ਮੌਕੇ ਹਰਬੰਸ ਸਿੰਘ ਖੱਟੜਾ, ਅਵਤਾਰ ਸਿੰਘ ਬਨੇਰਾ, ਨਾਜ਼ਰ ਖਾਂ ਸਹੌਲੀ, ਰਣਜੀਤ ਸਿੰਘ ਸਹੌਲੀ, ਜਗਰੂਪ ਬੋੜਾ, ਬਿੰਦਾ ਵਿਰਕ, ਕਾਮਰੇਡ ਹਰਮੀਤ ਸਿੰਘ, ਕਰਮ ਸਿੰਘ ਸਹੌਲੀ, ਪਰਮਜੀਤ ਸਿੰਘ ਨਾਭਾ, ਸੁਰਜੀਤ ਸਿੰਘ ਬਾਬਰਪੁਰ, ਕਰਮਜੀਤ ਸਿੰਘ, ਪਰਮਜੀਤ ਸਿੰਘ ਮੁਸਲਮਾਨਾਖੇੜ੍ਹੀ, ਜੈਬਾ ਰਾਮ ਨਾਭਾ, ਰਾਜੂ ਸਹੋਲੀ, ਬਿੱਲਾ ਰਾਮ, ਗੁਰਦੀਪ, ਗੁਰਪ੍ਰੀਤ,ਆਕਾਸ, ਕਰਨ, ਮਾਣੀ ਨਾਭਾ, ਜਰਨੈਲ ਸਿੰਘ ਹਿਆਣਾ ਕਲਾਂ, ਹਰਬੰਸ ਸਹੋਲੀ, ਅਮਰਿੰਦਰ ਸਿੰਘ, ਕਰਨ ਸਿੰਘ ਮੁਸਲਮਾਨਾਖੇੜ੍ਹੀ ਆਦਿ ਪਾਰਟੀ ਵਰਕਰ ਹਾਜ਼ਰ ਸਨ |