ਪਾਤੜਾਂ, 4 ਜਨਵਰੀ (ਜਗਦੀਸ਼ ਸਿੰਘ ਕੰਬੋਜ)- ਹਲਕਾ ਸ਼ੁਤਰਾਣਾ ਦੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਮੀਟਿੰਗ ਦਰਬਾਰਾ ਸਿੰਘ ਬੰਨਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਹੋਈਆਂ ਚੋਣਾਂ 'ਚ ਸੱਤਾਧਾਰੀ ਪਾਰਟੀ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਗਏ ਉੱਥੇ ਹੀ ਮਨਰੇਗਾ ਦੇ ਬਦਲੇ 'ਚ ਕੇਂਦਰ ਸਰਕਾਰ ਵਲੋਂ ਨਾਮ ਬਦਲੇ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਮਜ਼ਦੂਰਾਂ ਦੇ ਖ਼ਿਲਾਫ਼ ਦੱਸਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਨੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀਆਂ ਰੱਦ ਕਰਵਾ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਉਮੀਦਵਾਰਾਂ ਵਲੋਂ ਇਹ ਚੋਣਾਂ ਲੜੀਆਂ ਗਈਆਂ ਸਨ ਉਨ੍ਹਾਂ ਨੂੰ ਸਿਰਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਔਖੇ ਹਾਲਾਤਾਂ 'ਚ ਕਾਂਗਰਸ ਪਾਰਟੀ ਵਲੋਂ ਡਟ ਕੇ ਚੋਣਾਂ ਲੜੇ ਜਾਣ ਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ | ਇਸ ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਮਨਰੇਗਾ ਨੂੰ ਹੋਂਦ 'ਚ ਲਿਆਂਦਾ ਸੀ ਜਿਸ ਦੀ ਬਦੌਲਤ ਦੇਸ਼ ਦੇ ਕਰੋੜਾਂ ਲੋਕਾਂ ਦੇ ਚੁੱਲ੍ਹੇ ਇਸ ਤੋਂ ਬਲ ਰਹੇ ਸਨ ਪਰ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਇਸ ਨੂੰ ਬਦਲ ਕੇ 'ਵੀ ਬੀ ਜੀ ਰਾਮ ਜੀ 'ਚ ਤਬਦੀਲ ਕੀਤੇ ਜਾਣ ਨਾਲ ਇਨ੍ਹਾਂ ਮਜ਼ਦੂਰਾਂ ਦੇ ਹੱਕਾਂ 'ਤੇ ਵੱਡੀ ਸੱਟੀ ਮਾਰੀ ਜਾ ਰਹੀ ਹੈ ਜਿਸ ਦਾ ਕਾਂਗਰਸ ਪਾਰਟੀ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮਨਰੇਗਾ ਮਜ਼ਦੂਰਾਂ ਨਾਲ ਮਿਲ ਕੇ ਇਕ ਵੱਡਾ ਸੰਘਰਸ਼ ਮਨਰੇਗਾ ਨੂੰ ਪਹਿਲਾਂ ਦੀ ਤਰ੍ਹਾਂ ਬਹਾਲ ਕਰਵਾਏ ਜਾਣ ਲਈ ਵਿੱਢਿਆ ਜਾਵੇਗਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਸ਼ਹਿਰੀ ਪ੍ਰਧਾਨ ਰਾਜੇਸ਼ ਕੁਮਾਰ ਹੈਪੀ, ਨਿਰਮਲ ਸਿੰਘ ਪੰਨੂ, ਮੋਹਰ ਸਿੰਘ ਜਿਉਣਪੁਰਾ, ਗੁਰਦੀਪ ਸਿੰਘ ਧਨੇਠਾ, ਸਿਕੰਦਰ ਸਿੰਘ ਮਨੇਸ਼ ਦੁਤਾਲ, ਰਣਜੀਤ ਸਿੰਘ ਮੰਤੋਲੀ, ਹਰਭਜਨ ਸਿੰਘ ਸ਼ੇਰਗੜ੍ਹ, ਗੁਰਸਾਬ ਸਿੰਘ ਦੁਤਾਲ, ਮਲਕੀਤ ਸਿੰਘ ਘੱਗਾ, ਧੰਨਾ ਸਿੰਘ ਕਲਵਾਣੂ, ਦਲਬੀਰ ਸਿੰਘ ਸ਼ੇਰਗੜ੍ਹ, ਮੰਗਾ ਰਾਮ ਢਾਬੀ ਗੁੱਜਰਾ, ਜਸਪਾਲ ਕੌਰ ਘੱਗਾ, ਬਲਵਿੰਦਰ ਕੌਰ ਤੇ ਕੁਲਦੀਪ ਕਲਵਾਣੂ ਆਦਿ ਮੌਜੂਦ ਸਨ |