ਪਾਤੜਾਂ, 4 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਭਾਜਪਾ ਦੇ ਟਰਾਂਸਪੋਰਟ ਸੈੱਲ ਪੰਜਾਬ ਦੇ ਕੋ-ਕਨਵੀਨਰ ਪੁਰਸ਼ੋਤਮ ਸਿੰਘ ਸਿੰਗਲਾ ਨੇ ਕਿਹਾ ਕਿ ਪੰਜਾਬ 'ਚ ਵਪਾਰੀਆਂ ਅਤੇ ਆਮ ਲੋਕਾਂ ਨੂੰ ਟਰਾਂਸਪੋਰਟ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਭਾਜਪਾ ਹਾਈ ਕਮਾਨ ਵਲੋਂ ਦਿੱਤੀ ਗਈ ਜ਼ੁੰਮੇਵਾਰੀ ਨੂੰ ਪੰਜਾਬ ਦੇ ਕਨਵੀਨਰ ਗੁਰਤੇਜ ਸਿੰਘ ਝਨੇੜੀ ਦੀ ਅਗਵਾਈ 'ਚ ਬਹੁਤ ਹੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ | ਸਿੰਗਲਾ ਨੇ ਕਿਹਾ ਕਿ ਭਾਜਪਾ ਹਾਈ ਕਮਾਨ ਵਲੋਂ ਟਰਾਂਸਪੋਰਟ ਦੇ ਧੰਦੇ ਨਾਲ ਪਰਿਵਾਰ ਪਾਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਦਿੱਤੀ ਗਈ ਜ਼ੁੰਮੇਵਾਰੀ ਨੂੰ ਨਿਭਾਉਂਦਿਆਂ ਪੰਜਾਬ ਦੇ ਟਰਾਂਸਪੋਰਟਰਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਉਹ ਪੰਜਾਬ ਤੋਂ ਬਾਹਰ ਹੋਰ ਸੂਬਿਆਂ 'ਚ ਆਪਣੀਆਂ ਗੱਡੀਆਂ 'ਚ ਮਾਲ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਉਨ੍ਹਾਂ ਸੂਬਿਆਂ ਦੀ ਪੁਲਿਸ ਅਤੇ ਟਰਾਂਸਪੋਰਟ ਦੇ ਸਰਕਾਰੀ ਅਧਿਕਾਰੀਆਂ ਵਲੋਂ ਬਹੁਤ ਉਲਝਾਇਆ ਜਾਂਦਾ ਹੈ ਅਤੇ ਕਈ ਥਾਵਾਂ 'ਤੇ ਗੁੰਡਾਗਰਦੀ ਕਰਦਿਆਂ ਮਹੀਨੇ ਵਸੂਲੇ ਜਾਂਦੇ ਹਨ ਅਤੇ ਰਿਸ਼ਵਤ ਨਾ ਦੇਣ 'ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਹਜ਼ਾਰਾਂ ਰੁਪਏ ਦੇ ਜੁਰਮਾਨੇ ਕਰ ਦਿੱਤੇ ਜਾਂਦੇ ਹਨ | ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜਸਥਾਨ ਅਤੇ ਹੋਰ ਕਈ ਸੂਬਿਆਂ 'ਚ ਟਰਾਂਸਪੋਰਟਰਾਂ ਦੀ ਹੋ ਰਹੀ ਇਸ ਲੁੱਟ ਨੂੰ ਭਾਜਪਾ ਹਾਈ ਕਮਾਨ ਤੋਂ ਦਬਾਅ ਪਾ ਕੇ ਬੰਦ ਕਰਵਾਇਆ ਗਿਆ ਹੈ | ਜਿਸ ਤੋਂ ਖ਼ੁਸ਼ ਟਰਾਂਸਪੋਰਟ ਭਾਜਪਾ ਨਾਲ ਜੁੜ ਰਹੇ ਹਨ ਉਨ੍ਹਾਂ ਟਰਾਂਸਪੋਰਟ ਧੰਦਾ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੋਵੇ ਸਾਡੇ ਧਿਆਨ 'ਚ ਲਿਆਂਦੀ ਜਾਵੇ ਅਤੇ ਸਾਡੇ ਵਲੋਂ ਇਸ ਦਾ ਹੱਲ ਜ਼ਰੂਰ ਕੀਤਾ ਜਾਵੇਗਾ ਅਤੇ ਪਾਰਟੀ ਵਲੋਂ ਲਾਈ ਗਈ ਇਸ ਜ਼ੁੰਮੇਵਾਰੀ ਨੂੰ ਟਰਾਂਸਪੋਰਟਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਨਿਭਾਇਆ ਜਾਵੇਗਾ |