ਪਾਤੜਾਂ, 4 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਅਕਾਲੀ ਦਲ ਇੰਚਾਰਜ ਕਬੀਰ ਦਾਸ ਅਤੇ ਵਿਸ਼ਾਲ ਗੋਇਲ ਸ਼ਹਿਰੀ ਪ੍ਰਧਾਨ ਅਕਾਲੀ ਦਲ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਪੰਜਾਬ 'ਚ ਆਈ ਹਰ ਤਰ੍ਹਾਂ ਦੀ ਤਰਾਸਦੀ ਅਤੇ ਪੰਜਾਬ ਦੇ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਹਮੇਸ਼ਾ ਨਾਲ ਖੜ੍ਹਦਾ ਰਿਹਾ ਹੈ ਜਿਸ ਨੂੰ ਭਲੀਭਾਂਤ ਜਾਣ ਚੁੱਕੇ ਪੰਜਾਬ ਦੇ ਲੋਕਾਂ ਨੇ ਤਰਨਤਾਰਨ ਦੀ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਵੱਡੇ ਪੱਧਰ 'ਤੇ ਸਮਰਥਨ ਦੇ ਕੇ ਇਹ ਸਿੱਧ ਕਰ ਦਿੱਤਾ ਹੈ ਕਿ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਦੀ ਸਰਕਾਰ ਦਾ ਲੋਕ ਮਨ ਬਣਾ ਚੁੱਕੇ ਹਨ | ਕਬੀਰ ਦਾਸ ਅਤੇ ਵਿਸ਼ਾਲ ਗੋਇਲ ਨੇ ਕਿਹਾ ਕਿ ਇਸ ਵਾਰ ਪੰਜਾਬ 'ਚ ਸ਼ਾਏ ਹੜ੍ਹਾਂ ਦੌਰਾਨ ਜਦੋਂ ਕੇਂਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂਲ 'ਚ ਜਾ ਕੇ ਉਨ੍ਹਾਂ ਨੂੰ ਦਰਿਆ ਅਤੇ ਬਰਸਾਤੀ ਨਾਲਿਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਟਰੈਕਟਰਾਂ ਅਤੇ ਹੋਰ ਸਾਧਨਾ ਲਈ ਲੱਖਾਂ ਲੀਟਰ ਡੀਜ਼ਲ ਅਤੇ ਕਰੋੜਾਂ ਰੁਪਏ ਦੀ ਰਾਸ਼ੀ ਵੰਡ ਕੇ ਉਨ੍ਹਾਂ ਦੀ ਸਾਰ ਲਈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਅਤੇ ਆਮ ਦਿਨਾਂ 'ਚ ਲੋਕਾਂ ਨਾਲ ਹੋ ਰਹੇ ਧਕੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਸਿੱਧ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਨ੍ਹਾਂ ਦੀ ਆਪਣੀ ਪਾਰਟੀ ਹੈ ਜੋ ਪੰਜਾਬ ਦੇ ਹਿਤਾਂ ਦੀ ਲੜਾਈ ਲੜ ਸਕਦਾ ਹੈ | ਇਸ ਤੋਂ ਇਲਾਵਾ ਕਿਸਾਨਾਂ, ਦਲਿਤਾਂ ਅਤੇ ਵਪਾਰੀਆਂ ਨੂੰ ਅਕਾਲੀ ਦਲ ਦੀ ਸਰਕਾਰ ਸਮੇਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪੰਜਾਬ ਦੇ ਲੋਕ ਯਾਦ ਕਰ ਰਹੇ ਹਨ ਜਿਸ ਤੋਂ ਸਾਫ਼ ਹੋ ਚੁੱਕਾ ਹੈ ਕਿ 2027 ਦੀਆਂ ਚੋਣਾਂ 'ਚ ਲੋਕ ਵੱਡਾ ਸਮਰਥਨ ਅਕਾਲੀ ਦਲ ਨੂੰ ਮਿਲੇਗਾ |