ਬਸੀ ਪਠਾਣਾਂ, 5 ਜਨਵਰੀ (ਐਚ.ਐਸ. ਗੌਤਮ)-ਪੰਜਾਬ ਨੰਬਰਦਾਰ ਯੂਨੀਅਨ ਬਲਾਕ ਬਸੀ ਪਠਾਣਾਂ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਕੱਜਲਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਆਗੂਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਮੀਟਿੰਗ ਵਿਚ ਨੰਬਰਦਾਰਾਂ ਵਲੋਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਨੂੰ ਇਹ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਸ਼ਹੀਦੀ ਸਭਾ ਦੌਰਾਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਨਤਮਸਤਕ ਹੋਣ ਵਾਲੀ ਸੰਗਤ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਲਈ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਵੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਵਿਚ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਬਣਾਉਣਾ, ਮਾਣ-ਭੱਤਾ ਵਧਾਉਣਾ, ਤਹਿਸੀਲਾਂ ਵਿਚ ਬੈਠਣ ਲਈ ਵੱਖਰਾ ਕਮਰਾ ਅਲਾਟ ਕਰਨਾ, ਟੋਲ ਪਲਾਜ਼ਿਆਂ 'ਤੇ ਛੂਟ ਅਤੇ ਬਸ ਯਾਤਰਾ ਮੁਫ਼ਤ ਕਰਨਾ ਪ੍ਰਮੁੱਖ ਤੌਰ 'ਤੇ ਸ਼ਾਮਿਲ ਹਨ | ਇਸ ਮੌਕੇ ਕਾਰਜਕਾਰੀ ਪ੍ਰਧਾਨ ਨੰਬਰਦਾਰ ਜਸਵਿੰਦਰ ਸਿੰਘ ਮਹਿਦੂਦਾਂ, ਗੁਰਮੁਖ ਸਿੰਘ ਮੁੱਲਾਂਪੁਰ, ਬਿਕੱਰ ਸਿੰਘ ਉਦਲਪੁਰ, ਮਲਕੀਤ ਸਿੰਘ ਅਬਦੁੱਲਾਪੁਰ, ਧਰਮ ਸਿੰਘ ਕਲੌਂਦੀ, ਜਰਨੈਲ ਸਿੰਘ ਧੂੰਦਾ, ਹਰਮਿੰਦਰ ਸਿੰਘ ਬਸੀ ਪਠਾਣਾਂ, ਭੁਪਿੰਦਰ ਸਿੰਘ ਮਹਿਦੂਦਾਂ, ਦਲਬੀਰ ਸਿੰਘ ਘਮੰਡਗੜ੍ਹ, ਜਸਵੰਤ ਸਿੰਘ ਨੰਦਪੁਰ, ਸੁਖਦੇਵ ਸਿੰਘ ਧੂੰਦਾ ਸਮੇਤ ਹੋਰ ਨੰਬਰਦਾਰ ਹਾਜ਼ਰ ਸਨ |