ਨਵੀਂ ਤਕਨਾਲੋਜੀ ਨੇ ਪੁਰਾਣੇ ਸਿਨੇਮਾ ਘਰਾਂ ਦੇ ਦਰਸ਼ਕਾਂ ਦੀਆਂ ਰੌਣਕਾਂ ਕੀਤੀਆਂ ਸੁੰਨੀਆਂ
ਅਜੀਤ ਡੈਸਕ
07-01-2026
ਪਟਿਆਲਾ, 6 ਜਨਵਰੀ-ਜਿਹੜੇ ਸਿਨੇਮਾ ਘਰਾਂ 'ਚ ਫ਼ਿਲਮ ਦੇਖਣ ਲਈ ਕਦੇ ਲੰਮੀਆਂ ਕਤਾਰਾਂ ਹੀ ਨਹੀਂ ਸਨ ਲੱਗਦੀਆਂ, ਸਗੋਂ ਬਲੈਕ 'ਚ ਮਹਿੰਗੇ ਮੁੱਲ ਦੀਆਂ ਟਿਕਟਾਂ ਖ਼ਰੀਦ ਕੇ ਫ਼ਿਲਮ ਦੇਖਣ ਦੀ ਰੀਝ ਪੂਰੀ ਕੀਤੀ ਜਾਂਦੀ ਸੀ | ਉਸ ਸਿਨੇਮਾ ਘਰਾਂ ਦੀ ਰੌਣਕ ਨੂੰ ਨਵੀਂ ਤਕਨਾਲੋਜੀ ਦੇ ਵਿਸਥਾਰ 'ਚ ਡਿਜੀਟਲ ਨਵੇਂ ਸਾਧਨਾਂ ਨੇ ਸੁੰਨਾ ਕਰ ਦਿੱਤਾ ਹੈ | ਇਸ ਨਵੇਂ ਰੁਝਾਨ 'ਚ ਪੁਰਾਣੇ ਸਿਨੇਮਾ ਘਰਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਿਆ, ਸਗੋਂ ਮਲਟੀਪਲੈਕਸ ਸਿਨੇਮਾ ਘਰਾਂ ਲਈ ਵੀ ਇਹ ਅਮਲ ਚੁਨੌਤੀ ਬਣ ਗਿਆ ਹੈ | ਦੂਜੇ ਪਾਸੇ, ਮਾਹਿਰ ਇਸ ਨੂੰ ਸਿਨੇਮਾ ਮਾਲਕਾਂ ਲਈ ਵਪਾਰਕ ਨੁਕਸਾਨ ਹੀ ਨਹੀਂ ਮੰਨਦੇ, ਸਗੋਂ ਉਹ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨਾਲ ਰਲ ਮਿਲ ਕੇ ਫ਼ਿਲਮ ਦੇਖਣ ਦੇ ਸਾਂਝੇ ਸੱਭਿਆਚਾਰ ਨੂੰ ਸੱਟ ਮਾਰਨ ਦਾ ਅਮਲ ਵੀ ਗਿਣਦੇ ਹਨ |
ਅਧਿਕਾਰਤ ਅੰਕੜਿਆਂ ਮੁਤਾਬਿਕ ਪਿਛਲੇ ਇਕ ਦਹਾਕੇ ਦੌਰਾਨ ਦੇਸ਼ ਭਰ 'ਚ ਸਿੰਗਲ ਸਕਰੀਨ ਸਿਨੇਮਾ ਘਰਾਂ ਦੀ ਗਿਣਤੀ 'ਚ ਕਰੀਬ 60 ਫ਼ੀਸਦੀ ਦੀ ਕਮੀ ਆਈ ਹੈ | ਪੰਜਾਬ 'ਚ ਕਈ ਛੋਟੇ ਕਸਬਿਆਂ ਅਤੇ ਸ਼ਹਿਰਾਂ 'ਚ ਜਿਥੇ ਕਦੇ ਹਫ਼ਤੇ ਦੇ ਸੱਤੋਂ ਦਿਨ ਸ਼ੋਅ ਚੱਲਦੇ ਸਨ, ਉਥੇ ਹੁਣ ਸਿਨੇਮਾ ਹਾਲ ਬੰਦ ਪਏ ਹਨ ਜਾਂ ਹੋਰ ਵਪਾਰਕ ਢਾਂਚਿਆਂ 'ਚ ਤਬਦੀਲ ਹੋ ਚੁੱਕੇ ਹਨ | ਨਵੀਂ ਤਕਨਾਲੋਜੀ ਦੇ ਫੈਲਾਅ ਨਾਲ ਮਨੋਰੰਜਨ ਦੇ ਢੰਗ ਹੀ ਬਦਲ ਗਏ ਹਨ | ਮੋਬਾਈਲ ਫ਼ੋਨ, ਸਮਾਰਟ ਟੀ.ਵੀ., ਸੋਸ਼ਲ ਮੀਡੀਆ ਅਤੇ ਆਨਲਾਈਨ ਫ਼ਿਲਮਾਂ ਤੇ ਵੈੱਬ ਸੀਰੀਜ਼ਾਂ ਨੇ ਦਰਸ਼ਕਾਂ ਨੂੰ ਘਰ ਬੈਠੇ ਮਨੋਰੰਜਨ ਦੀ ਆਦਤ ਪਾ ਦਿੱਤੀ ਹੈ | ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ 'ਚ ਆਨਲਾਈਨ ਮਨੋਰੰਜਨ ਪਲੇਟਫ਼ਾਰਮਾਂ ਦੇ ਉਪਭੋਗਤਾ ਦੀ ਗਿਣਤੀ ਦੋ ਗੁਣਾ ਤੋਂ ਵੀ ਵੱਧ ਹੋ ਚੁੱਕੀ ਹੈ, ਜਦਕਿ ਸਿਨੇਮਾ ਘਰਾਂ ਦੀ ਔਸਤ ਆਕਿਊਪੈਂਸੀ ਘਟ ਕੇ ਸਿਰਫ਼ 30-35 ਫ਼ੀਸਦੀ ਤੱਕ ਰਹਿ ਗਈ ਹੈ | ਮਾਹਿਰਾਂ ਅਨੁਸਾਰ ਇਕ ਸਿਨੇਮਾ ਘਰ ਨੂੰ ਮਹੀਨੇ ਦਾ ਖਰਚਾ ਕੱਢਣ ਲਈ ਘੱਟੋ-ਘੱਟ 50 ਫ਼ੀਸਦੀ ਸੀਟਾਂ ਭਰਨਾ ਲਾਜ਼ਮੀ ਹੁੰਦਾ ਹੈ, ਜੋ ਮੌਜੂਦਾ ਹਾਲਾਤਾਂ 'ਚ ਮੁਸ਼ਕਿਲ ਬਣ ਗਿਆ ਹੈ | ਇਕ ਅੰਕੜੇ ਮੁਤਾਬਿਕ ਸਾਲ 2000 ਦੇ ਆਸ-ਪਾਸ ਸਿਨੇਮਾ ਘਰ ਦੀ ਲਗਪਗ 350 ਦੀ ਜੋ ਗਿਣਤੀ ਸੀ 2024-25 ਦੌਰਾਨ 130 ਦੇ ਕਰੀਬ ਰਹਿ ਗਈ ਹੈ | ਮਾਝਾ ਖੇਤਰ 'ਚ 45, ਦੋਆਬਾ 'ਚ 50 ਅਤੇ ਮਾਲਵਾ 'ਚ 100 ਤੋਂ ਵਧੇਰੇ ਸਿਨੇਮਾ ਘਰ ਬੰਦ ਹੋਏ ਹਨ | ਸਾਲ 1990 ਤੋਂ 2000 ਦੌਰਾਨ ਦਰਸ਼ਕਾਂ ਦੀ ਹਾਜ਼ਰੀ ਦਰ ਜੋ 70 ਤੋਂ 90 ਫ਼ੀਸਦੀ ਹੁੰਦੀ ਸੀ, ਉਹ 2020 ਤੋਂ ਬਾਅਦ 25 ਤੋਂ 35 ਫ਼ੀਸਦੀ ਰਹਿ ਗਈ ਸੀ | ਉਹ ਵਰਤਮਾਨ ਸਮੇਂ ਹੋਰ ਘੱਟ ਗਈ ਹੈ | ਮਾਹਿਰਾਂ ਅਨੁਸਾਰ ਜੇਕਰ ਸਰਕਾਰ ਅਤੇ ਫ਼ਿਲਮ ਉਦਯੋਗ ਵਲੋਂ ਸਹਾਇਕ ਨੀਤੀਆਂ, ਟੈਕਸ ਛੂਟਾਂ ਅਤੇ ਸਥਾਨਕ ਸਿਨੇਮਾ ਨੂੰ ਉਤਸ਼ਾਹ ਦੇਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਸਿਨੇਮਾ ਦੀਆਂ ਕਦੇ ਚਮਕਦਾਰ ਰਹੀਆਂ ਰੌਣਕਾਂ ਸਿਰਫ਼ ਯਾਦਾਂ ਤੱਕ ਹੀ ਸੀਮਤ ਰਹਿ ਜਾਣਗੀਆਂ |