ਨਾਭਾ, 24 ਜਨਵਰੀ (ਕਰਮਜੀਤ ਸਿੰਘ)-ਜੀ.ਬੀ. ਇੰਟਰਨੈਸ਼ਨਲ ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਪੋ੍ਰਗਰਾਮ ਦੀ ਸ਼ੁਰੂਆਤ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਵਿਸ਼ੇਸ਼ ਪੂਜਾ ਅਰਚਨਾ ਨਾਲ ਹੋਈ | ਇਸ ਮੌਕੇ 18ਵਾਂ ਸਾਲਾਨਾ ਹਵਨ ਅਤੇ ਲੰਗਰ ਵੀ ਲਗਾਇਆ ਗਿਆ | ਹਵਨ ਵਿਚ ਸਕੂਲ ਦੀ ਨਿਰਦੇਸ਼ਕਾਂ ਸ੍ਰੀਮਤੀ ਅੰਸ਼ੂ ਬਾਂਸਲ ਨੇ ਸ਼ਰਧਾਪੂਰਵਕ ਅਹੂਤੀਆਂ ਦਿੱਤੀਆਂ ਅਤੇ ਮਾਂ ਸਰਸਵਤੀ ਤੋਂ ਸਭ ਲਈ ਗਿਆਨ, ਵਿਵੇਕ ਅਤੇ ਸਦਬੁੱਧੀ ਦੀ ਕਾਮਨਾ ਕੀਤੀ | ਇਸ ਮੌਕੇ 'ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦਾ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਜਿਵੇਂ ਬਸੰਤ ਰੁੱਤ ਵਿਚ ਪ੍ਰਕਿਰਤੀ ਨਵੇਂ ਫੁੱਲਾਂ ਨਾਲ ਸਜ ਜਾਂਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਗਿਆਨ ਅਤੇ ਸਦਗੁਣਾਂ ਨਾਲ ਆਪਣੇ ਜੀਵਨ ਨੂੰ ਸੁੰਦਰ ਬਣਾਉਣਾ ਚਾਹੀਦਾ ਹੈ | ਇਸ ਦੌਰਾਨ ਛੋਟੇ ਵਿਦਿਆਰਥੀਆਂ ਲਈ 'ਕਾਗ਼ਜ਼ੀ ਸਲਿਪ ਗਤੀਵਿਧੀ' ਵੀ ਕਰਵਾਈ ਗਈ, ਜਿਸ ਵਿਚ ਉਨ੍ਹਾਂ ਨੇ ਵੀਣਾ, ਸਿਤਾਰ, ਕਮਲ, ਹੰਸ, ਪਤੰਗ ਆਦਿ ਦੀਆਂ ਸੁੰਦਰ ਆਕ੍ਰਿਤੀਆਂ ਤਿਆਰ ਕਰਕੇ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਦੀਪ ਸ੍ਰੀ ਬਾਂਸਲ ਨੇ ਕਿਹਾ ਕਿ ਸਕੂਲ ਵਿਚ ਬਸੰਤ ਪੰਚਮੀ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਗਿਆਨ, ਸਿੱਖਿਆ ਅਤੇ ਸੰਸਕਾਰਾਂ ਪ੍ਰਤੀ ਸ਼ਰਧਾ ਵਿਕਸਿਤ ਕਰਨਾ ਹੈ | ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੰਸਕਿ੍ਤੀ, ਸਹਿਯੋਗ ਅਤੇ ਸਮਾਜਿਕ ਮੁੱਲਾਂ ਨਾਲ ਜੋੜਦੇ ਹਨ | ਪੋ੍ਰਗਰਾਮ ਦੇ ਅੰਤ ਵਿਚ ਉਪ-ਪਿ੍ੰਸੀਪਲ ਸ੍ਰੀਮਤੀ ਦਿਵਿਆ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਿਯਮਿਤ ਅਧਿਐਨ, ਮਿਹਨਤ ਅਤੇ ਰਚਨਾਤਮਿਕ ਕਾਰਜਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ |