ਨਾਭਾ, 28 ਜਨਵਰੀ (ਕਰਮਜੀਤ ਸਿੰਘ)-ਸਰਕਾਰੀ ਆਈ. ਟੀ. ਆਈ. ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸੰਸਥਾ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਇੰਸਟਰਕਟਰਾਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ਵਿਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਧਿਆਨ ਸਿੰਘ ਹਰੀਗੜ੍ਹ ਨੇ ਕਿਹਾ ਕਿ ਇੰਸਪੈਕਟਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਜਿਸ ਕਾਰਨ ਸੰਸਥਾ ਦਾ ਅਕਾਦਮਿਕ ਢਾਂਚਾ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ ਹੈ | ਇੰਸਪੈਕਟਰ ਹੜਤਾਲ 'ਤੇ ਹਨ, ਜਿਸ ਕਾਰਨ ਸਿੱਖਿਆਰਥੀ ਦੂਰ-ਦੂਰ ਤੋਂ ਆਈ. ਟੀ. ਆਈ. ਪਹੁੰਚਦੇ ਹਨ, ਕਲਾਸਾਂ ਨਾ ਲੱਗਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਹਨ | ਜੇਕਰ ਇਹੀ ਹਾਲ ਰਿਹਾ ਤਾਂ ਵਿਦਿਆਰਥੀਆਂ ਦਾ ਸਿਲੇਬਸ ਅਧੂਰਾ ਰਹਿ ਜਾਵੇਗਾ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਇਮਤਿਹਾਨਾਂ ਤੇ ਰੁਜ਼ਗਾਰ 'ਤੇ ਪਵੇਗਾ | ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਕਿ ਸਰਕਾਰ ਨੂੰ ਤੁਰੰਤ ਇੰਸਟਰਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਜੋ ਆਈ.ਟੀ.ਆਈ. ਦਾ ਮਾਹੌਲ ਮੁੜ ਸੁਖਾਵਾਂ ਹੋ ਸਕੇ | ਵਿਦਿਆਰਥੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੇ ਕੋਈ ਸਾਰਥਿਕ ਫ਼ੈਸਲਾ ਨਾ ਲਿਆ ਤਾਂ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ | ਇਸ ਵਿਚ ਮੌਕੇ ਸਤਵੀਰ, ਹਰਦੀਪ, ਅਰਸ਼ ਤੇ ਹਰਮਨ ਆਦਿ ਹਾਜ਼ਰ ਸਨ |