ਪਟਿਆਲਾ, 4 ਫਰਵਰੀ, (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰੀ ਬਜਟ ਦੇਸ ਦੀ ਆਰਥਿਕਤਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਵਾਲਾ ਅਤੇ ਸਮਾਜ ਦੇ ਹਰ ਵਰਗ ਦੇ ਹਿਤਾਂ ਦੀ ਰੱਖਿਆ ਕਰਨ ਵਾਲਾ, ਇਹ ਬਜਟ 'ਸਬਕਾ ਸਾਥ, ਸਬਕਾ ਵਿਕਾਸ' ਦੇ ਸਿਧਾਂਤ 'ਤੇ ਆਧਾਰਤ ਹੈ, ਜਿਸ 'ਚ ਖੇਤੀਬਾੜੀ, ਸਿੱਖਿਆ, ਸਿਹਤ ਅਤੇ ਸੈਰ-ਸਪਾਟਾ ਖੇਤਰਾਂ ਦੇ ਸਰਵਪੱਖੀ ਵਿਸਥਾਰ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ | ਇਹ ਗੱਲ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਨੇ ਇਕ ਪੱਤਰਕਾਰ ਮਿਲਣੀ ਦੌਰਾਨ ਸੋਮ ਪ੍ਰਕਾਸ਼ ਮੁਤਾਬਿਕ ਕੰਮਕਾਜੀ ਔਰਤਾਂ ਦੀ ਸਹੂਲਤ ਲਈ ਹਰ ਜ਼ਿਲ੍ਹੇ 'ਚ ਹੋਸਟਲ ਬਣਾਉਣ ਦੀ ਯੋਜਨਾ ਅਤੇ ਮੱਧ ਵਰਗ ਲਈ ਆਮਦਨ ਕਰ ਪ੍ਰਣਾਲੀ 'ਚ ਸੁਧਾਰ ਇਤਿਹਾਸਕ ਕਦਮ ਹਨ | ਸਿਹਤ ਖੇਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੈਂਸਰ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਦਵਾਈਆਂ 'ਤੇ ਸਬਸਿਡੀ ਦੇਣਾ ਅਤੇ ਜ਼ਿਲ੍ਹਾ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ | ਇਸ ਤੋਂ ਇਲਾਵਾ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਸਟਾਰਟਅੱਪ ਲਈ ਨੀਤੀਆਂ ਨੂੰ ਉਤਸ਼ਾਹਿਤ ਕਰਨ ਨਾਲ ਦੇਸ 'ਚ ਲੱਖਾਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਵਿਕਾਸ, ਛੋਟੇ ਉਦਯੋਗਾਂ ਲਈ 10 ਹਜ਼ਾਰ ਕਰੋੜ ਦਾ ਵਿਸੇਸ ਪ੍ਰਬੰਧ ਅਤੇ ਦੇਸ ਭਰ 'ਚ ਕੈਮੀਕਲ ਪਾਰਕਾਂ ਦੀ ਸਥਾਪਨਾ ਭਾਰਤ ਨੂੰ ਵਿਸ਼ਵ ਪੱਧਰ 'ਤੇ ਇਕ ਉਦਯੋਗਿਕ ਸਕਤੀ ਵਜੋਂ ਇਕ ਨਵੀਂ ਪਛਾਣ ਦੇਵੇਗੀ | ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਐੱਸ.ਕੇ. ਦੇਵ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਵਰੁਣ ਜਿੰਦਲ, ਸੰਜੀਵ ਸ਼ਰਮਾ ਹੈਪੀ, ਹਰਦੇਵ ਬੱਲੀ, ਨਿਖਿਲ ਕਾਕਾ ਤੇ ਹੋਰ ਮੌਜੂਦ ਸਨ |