ਰਾਜਪੁਰਾ, 4 ਫਰਵਰੀ (ਰਣਜੀਤ ਸਿੰਘ)-ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਨਹੀਂ ਹੋਵੇਗਾ, ਭਾਜਪਾ ਆਪਣੇ ਦਮ ਤੇ ਸੂਬੇ 'ਚ ਸੱਤਾਂ ਦੀਆਂ ਪੌੜੀਆਂ ਚੜ੍ਹੇਗੀ | ਲੋਕ ਹੁਣ 'ਆਪ' ਵਲੋਂ ਪਰੋਸੀਆਂ ਜਾ ਰਹੀਆਂ ਗੱਲਾਂਬਾਤਾਂ ਦੀਆਂ ਚੂਰੀਆਂ ਨਹੀਂ ਖਾਣਗੇ ਅਤੇ ਸੂਬੇ ਵਿਚ ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਖਣਾ ਚਾਹ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਆਮ ਆਦਮੀ ਦੀ ਸਰਕਾਰ 10 ਲੱਖ ਸਿਹਤ ਬੀਮਾ ਯੋਜਨਾ ਦਾ ਰਾਗ ਅਲਾਪ ਰਹੀ ਹੈ ਪਰ ਇਹ ਇਕ ਸ਼ੋਸ਼ੇਬਾਜ਼ੀ ਹੈ | ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਹੋਈ ਪਈ ਹੈ ਅਤੇ ਹੁਣ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ | ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਸੂਬੇ 'ਚ ਗੈਗਸ਼ਟਰਵਾਦ ਤੇ ਅਪਰਾਧਾਂ ਨੂੰ ਖ਼ਤਮ ਕਰਨ 'ਚ ਨਾਕਾਮਯਾਬ ਸਾਬਤ ਹੋਈ ਹੈ | ਗਰੇਵਾਲ ਨੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਚਲ ਰਹੀਆਂ ਅਟਕਲਾਂ ਨੂੰ ਵਿਰਾਮ ਚਿੰਨ੍ਹ ਲਾਉਂਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ 'ਚ ਅਤੇ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਵੀ ਚੋਣ ਗੱਠਜੋੜ ਨਹੀਂ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਭਾਜਪਾ ਆਪਣੇ ਦਮ 'ਤੇ ਚੋਣਾਂ ਲੜਨ ਲਈ ਤਿਆਰ ਹੈ | ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਕੇਡਰ ਜ਼ਮੀਨੀ ਪੱਧਰ 'ਤੇ ਤਿਆਰ ਹੋ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਨੂੰ ਇਕ ਭਿ੍ਸ਼ਟਾਚਾਰ ਮੁਕਤ ਅਤੇ ਵਿਕਾਸ ਮੁਖੀ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਦੀ ਹੈ | ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਿੱਖੇ ਸ਼ਬਦਾਂ 'ਚ ਨੁਕਤਾਚੀਨੀ ਕਰਦਿਆਂ ਕਿਹਾ ਕਿ ਸੂਬੇ 'ਚ ਸਭ ਤੋਂ ਅਮੀਰ ਅਕਾਲੀ ਸਿਆਸਤਦਾਨ ਹੈ | ਇਸ ਮੌਕੇ 'ਤੇ ਸੀਨੀਅਰ ਆਗੂ ਰਛਪਾਲ ਸਿੰਘ ਖਲੌਰ, ਸ਼ਮਸ਼ੇਰ ਸਿੰਘ, ਵਿਜੇ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ |