ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸ਼ਾਹੀ ਪਰਿਵਾਰ ਦੇ ਵੰਸ਼ਜ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਜਿਵੇਂ ਹੀ ਦਸਤਾਰ ਬੰਦੀ ਸਮਾਗਮ ਲਈ ਤਿਆਰ ਹੋ ਕੇ ਸਮਾਗਮ 'ਚ ਪਹੁੰਚੇ ਤਾਂ ਲੋਕਾਂ ਨੂੰ ਉਹ ਪੁਰਾਤਨ ਰਾਜੇ ਮਹਾਰਾਜਿਆਂ ਵਾਲੀ ਦਿੱਖ 'ਚ ਨਜ਼ਰ ਆਏ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਦਸਤਾਰਬੰਦੀ ਦੀ ਰਸਮ ਖ਼ਤਮ ਹੁੰਦੀ ਜਾ ਰਹੀ ਹੈ, ਇਸ ਕਰਕੇ ਸਿੱਖ ਪਰਿਵਾਰਾਂ ਨੂੰ ਦਸਤਾਰਬੰਦੀ ਦੀ ਰਸਮ ਸਮੇਂ ਸਮਾਗਮ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਪਰੰਪਰਾ ਤੇ ਸਿੱਖੀ ਨਾਲ ਜੁੜ ਸਕਣ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂ ਜੋ 124 ਸਾਲ ਬਾਅਦ ਸ਼ਾਹੀ ਹੀਰਾ ਮਹਿਲ 'ਚ ਫਿਰ ਤੋਂ ਰੌਣਕਾਂ ਲੱਗੀਆਂ ਹਨ ਤੇ ਦਸਤਾਰਬੰਦੀ ਸਮਾਗਮ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਦਸਤਾਰਬੰਦੀ ਸਮਾਗਮ ਦੀਆਂ ਵਧਾਈਆਂ ਦੇਣ ਲਈ ਪਹੁੰਚੇ ਸਨ |