ਸਮਾਣਾ, 4 ਫਰਵਰੀ (ਸਾਹਿਬ ਸਿੰਘ)-ਸਮਾਣਾ-ਭਵਾਨੀਗੜ੍ਹ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ, ਜਿਸ ਤੋਂ ਰਾਹਗੀਰ ਪ੍ਰੇਸ਼ਾਨ ਹਨ | ਇਹ ਸੜਕ ਦਿੱਲੀ, ਗੂਹਲਾ, ਚੀਕਾ, ਕੈਥਲ, ਸਮਾਣਾ ਨੂੰ ਚੰਡੀਗੜ੍ਹ, ਅਬੋਹਰ, ਫ਼ਾਜ਼ਿਲਕਾ ਅਤੇ ਸੰਗਰੂਰ ਆਦਿ ਸ਼ਹਿਰਾਂ ਦੀ ਹਾਈਵੇਅ ਨਾਲ ਜੋੜਦੀ ਹੈ | ਇਸ ਕਰਕੇ ਆਵਾਜਾਈ ਦੇ ਭਾਰੀ ਸਾਧਨਾਂ ਦੀ 24 ਘੰਟੇ ਆਵਾਜਾਈ ਰਹਿੰਦੀ ਹੈ | ਸਾਬਕਾ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਡੂੰਘੀ ਦਿਲਚਸਪੀ ਲੈ ਕੇ ਸੜਕ ਦਾ ਨਵੀਨੀਕਰਨ ਕਰਦਿਆਂ ਇਸ ਨੂੰ ਸਾਲ 2021-22 ਦੌਰਾਨ ਚੌੜਾ ਕਰਵਾਇਆ ਸੀ, ਪਰ ਤਿੰਨ ਸਾਲਾਂ ਵਿਚ ਸੜਕ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਰਾਹਗੀਰਾਂ ਨੂੰ ਲੰਘਣਾ ਔਖਾ ਹੋ ਗਿਆ ਹੈ | ਸੜਕ ਵਿਚ ਡੂੰਘੇ ਖੱਡੇ ਪੈ ਗਏ ਹਨ ਜਿਸ ਕਾਰਨ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ | ਸੜਕ ਦਾ ਖੇਤਰ ਪਟਿਆਲਾ ਤੇ ਸੰਗਰੂਰ ਜ਼ਿਲਿ੍ਹਆਂ ਵਿਚ ਪੈਂਦਾ ਹੈ ਪਰ ਦੋਵਾਂ ਜ਼ਿਲਿ੍ਹਆਂ ਨੇ ਇਸ ਦੀ ਮੁਰੰਮਤ ਵਿਚ ਦਿਲਚਸਪੀ ਨਹੀਂ ਵਿਖਾਈ | ਲੋਕਾਂ ਦਾ ਮੰਨਣਾ ਹੈ ਕਿ ਸੜਕ ਦੇ ਨਵੀਨੀਕਰਨ ਸਮੇਂ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਵਾਜਬ ਪ੍ਰਬੰਧ ਨਹੀਂ ਕੀਤਾ ਗਿਆ | ਸੜਕ ਦੇ ਦੋਵਾਂ ਪਾਸਿਆਂ 'ਤੇ ਪਾਇਆ ਸੀਵਰੇਜ ਬੇਕਾਰ ਸਾਬਤ ਹੋ ਰਿਹਾ ਹੈ | ਸਮਾਣਾ ਤੋਂ ਲੈ ਕੇ ਕੁਲਾਰਾਂ ਮੋੜ ਤੱਕ ਮੀਂਹ ਪੈਣ ਨਾਲ ਥਾਂ-ਥਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਸੜਕ ਜਲਦੀ ਟੁੱਟ ਗਈ ਹੈ | ਸੜਕ 'ਤੇ ਖੜ੍ਹੇ ਗੰਦੇ ਪਾਣੀ ਕਾਰਨ ਸੜਕ ਦੇ ਕੁਝ ਹਿੱਸੇ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ | ਸੜਕ ਦੀ ਖ਼ਸਤਾ ਹਾਲਤ ਸੰਬੰਧੀ ਲੋਕ ਨਿਰਮਾਣ ਵਿਭਾਗ ਦੇ ਕਿਸੇ ਅਫ਼ਸਰ ਨਾਲ ਸੰਪਰਕ ਨਹੀਂ ਹੋ ਸਕਿਆ |