17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬੀ ਯੂਨੀਵਰਸਿਟੀ ਵਿਖੇ ਬਾਇਓ ਐਂਟਰਪ੍ਰੀਨਿਓਰਸ਼ਿਪ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ

Ad Position 21
No active advertisement
ਅਜੀਤ ਡੈਸਕ 05-02-2026
ਪਟਿਆਲਾ, 4 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਵਿਖੇ 'ਬਾਇਓਐਂਟਰਪ੍ਰੀਨਿਓਰਸ਼ਿਪ ਵਿਸ਼ੇ 'ਤੇ ਕਰਵਾਈ ਗਈ ਦੋ ਦਿਨਾਂ ਅੰਤਰ-ਰਾਸ਼ਟਰੀ ਕਾਨਫ਼ਰੰਸ ਆਖ਼ਰੀ ਦਿਨ ਦੋ ਅਕਾਦਮਿਕ ਸੈਸ਼ਨਾਂ ਅਤੇ ਸਮਾਪਤੀ ਸਮਾਰੋਹ ਉਪਰੰਤ ਸੰਪੰਨ ਹੋ ਗਈ | ਬਾਇਉਟੈਕਨਾਲੋਜੀ ਵਿਚ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ਼ ਕਰਵਾਈ ਇਸ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਮੌਕੇ ਡੀਨ ਖੋਜ ਪ੍ਰੋ. ਰੀਤੂ ਲਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋ. ਰੀਤੂ ਲਹਿਲ ਨੇ ਆਪਣੇ ਸੰਬੋਧਨ ਵਿਚ ਅਕਾਦਮਿਕ ਸਹਿਯੋਗ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਵਧੀਕ ਡੀਨ ਖੋਜ ਪ੍ਰੋ. ਮਿੰਨੀ ਸਿੰਘ ਅਤੇ ਲਾਈਫ਼ ਸਾਇੰਸਿਜ਼ ਫੈਕਲਟੀ ਦੇ ਡੀਨ ਪ੍ਰੋ. ਬਲਜਿੰਦਰ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਵਿਦਾਇਗੀ ਸੈਸ਼ਨ ਦੀ ਸ਼ੁਰੂਆਤ ਕਾਨਫ਼ਰੰਸ ਦੇ ਕੋ-ਕਨਵੀਨਰ ਪ੍ਰੋ. ਬਲਵਿੰਦਰ ਸਿੰਘ ਸੂਚ ਦੇ ਸਵਾਗਤੀ ਸ਼ਬਦਾਂ ਨਾਲ ਹੋਈ | ਬਾਇਉਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਣਜੀਤਾ ਬਾਹਰੀ ਨੇ ਕਾਨਫ਼ਰੰਸ ਦੀ ਵਿਸਤਰਿਤ ਰਿਪੋਰਟ ਪੇਸ਼ ਕੀਤੀ | ਵਿਦਾਇਗੀ ਸੈਸ਼ਨ ਦੌਰਾਨ 'ਪੋਸਟਰ ਪੇਸ਼ਕਾਰੀਆਂ' ਲਈ ਨੌਜਵਾਨ ਖੋਜਾਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਧੰਨਵਾਦੀ ਭਾਸ਼ਣ ਹਰਪ੍ਰੀਤ ਕੌਰ ਨੇ ਦਿੱਤਾ | ਵਿਦਾਇਗੀ ਸੈਸ਼ਨ ਤੋਂ ਪਹਿਲਾਂ ਕਾਨਫ਼ਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿਚ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਡੀਨ ਡਾ. ਪ੍ਰਵੀਨ ਬਾਂਸਲ ਨੇ 'ਭਾਰਤੀ ਗਿਆਨ ਪ੍ਰਣਾਲੀ' ਬਾਰੇ ਵਿਸਤਰਿਤ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਿਵੇਂ ਵੱਖ-ਵੱਖ ਸੰਸਥਾਵਾਂ ਇਸ ਪ੍ਰਾਚੀਨ ਗਿਆਨ ਨੂੰ ਵਿਗਿਆਨ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਯਤਨਸ਼ੀਲ ਹਨ | ਇਸ ਉਪਰੰਤ ਅਮੋਜਨ ਫਾਰਮਾ, ਹੈਦਰਾਬਾਦ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਨੇ ਆਨਲਾਈਨ ਪੇਸ਼ਕਾਰੀ ਰਾਹੀਂ ਭਾਰਤ ਵਿਚ ਜੀ.ਐੱਲ.ਪੀ.-1 ਟਾਰਗੇਟਸ ਦੇ ਉਤਪਾਦਨ ਅਤੇ ਇਸ ਦੇ ਬਾਜ਼ਾਰ ਬਾਰੇ ਚਰਚਾ ਕੀਤੀ | ਦੂਜੇ ਸੈਸ਼ਨ ਵਿਚ 'ਚੀਅਰਜ ਫੂਡਜ਼' ਫ਼ਰਮ ਤੋਂ ਹਰਿੰਦਰ ਲਾਂਬਾ ਨੇ ਆਪਣੀ ਕੰਪਨੀ ਦੇ ਗਲੂਟਨ-ਮੁਕਤ ਉਤਪਾਦਾਂ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਲੋੜ ਆਧਾਰਤ ਪਹੁੰਚ ਅਪਣਾ ਕੇ ਉਦਮਤਾ ਦੇ ਖੇਤਰ ਵਿਚ ਆਉਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੁੰਹਟ ਵਿਖੇ ਅਕਾਲੀ ਵਰਕਰਾਂ ਦੀ ਭਰਵੀਂ ਬੈਠਕ ਅਗਲੀ ਖ਼ਬਰ ਸਮਾਣਾ-ਭਵਾਨੀਗੜ੍ਹ ਸੜਕ ਦੀ ਖ਼ਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ
Ad Position 24