ਪਟਿਆਲਾ, 5 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਲੰਬੇ ਸਮੇਂ ਤੋਂ ਨਾਮਵਰ ਨਿੱਜੀ ਸਕੂਲਾਂ, ਹਸਪਤਾਲਾਂ, ਪੈਲੇਸਾਂ ਜਿਨ੍ਹਾਂ ਦਾ ਸੰਬੰਧ ਰਾਜਨੀਤਿਕ, ਅਫ਼ਸਰਸ਼ਾਹੀ, ਰਸੂਖਦਾਰ ਲੋਕਾਂ ਨਾਲ ਹੁੰਦਾ ਹੈ ਉਨ੍ਹਾਂ ਦੇ ਬਣਾਏ ਵਪਾਰਕ ਅਦਾਰਿਆਂ ਅੱਗੇ ਖੜ੍ਹਾਏ ਜਾਂਦੇ ਪੁਲਿਸ ਮੁਲਾਜ਼ਮਾਂ ਕਾਰਨ ਜਿਥੇ ਜ਼ਿਲੇ੍ਹ ਦੇ ਥਾਣਿਆਂ, ਚੌਕੀਆਂ ਵਿਚ ਪੁਲਿਸ ਮੁਲਾਜਮਾਂ ਦੀ ਕਮੀ ਆਮ ਲੋਕਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੀ ਹੈ ਉੱਥੇ ਹੀ ਇਨ੍ਹਾਂ ਖ਼ਾਸ ਲੋਕਾਂ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਤੱਕ ਸੀਮਤ ਕਰ ਲਿਆ ਜਾਂਦਾ ਹੈ | ਹੁਣ ਇਸ ਧੱਕੇਸ਼ਾਹੀ ਤੋਂ ਜਿਥੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤੰਗ ਆਏ ਬੈਠੇ ਹਨ ਉੱਥੇ ਹੀ ਉਨ੍ਹਾਂ ਪੁਲਿਸ 'ਚ ਨੌਕਰੀ ਥਾਣਿਆਂ, ਚੌਕੀਆਂ 'ਚ ਕਰਨ ਲਈ ਕੀਤੀ ਗਈ ਨਾ ਕਿ ਕਿਸੇ ਦੀ ਚੌਕੀਦਾਰੀ ਲਈ | ਇਸੇ ਦੀ ਵੱਡੀ ਉਦਾਹਰਨ ਇਹ ਵੀ ਬਣ ਗਈ ਹੈ ਕਿ ਹੁਣ ਪੁਲਿਸ ਦੇ ਬੈਰੀਕੇਡ ਵੀ ਇਨ੍ਹਾਂ ਰਸੂਖਦਾਰਾਂ ਦੀ ਚੌਕੀ ਭਰਨ ਲਗਾ ਦਿੱਤੇ | ਦੱਸਣਯੋਗ ਹੈ ਕਿ ਪਟਿਆਲਾ ਤੋਂ ਸੰਗਰੂਰ ਰੋਡ ਜਾਂਦਿਆਂ ਬਾਈਪਾਸ ਪਾਰ ਕਰਨ ਉਪਰੰਤ ਖੱਬੇ ਪਾਸੇ ਬਣੇ ਇਕ ਮਹਿਲ ਨੁਮਾ ਲੌਰੀਐਂਟ ਪੈਲੇਸ ਦੇ ਸਾਹਮਣੇ ਰਾਤ ਨੂੰ ਵਿਆਹ ਦੇ ਸਮੇਂ ਲਗਾਏ ਬੈਰੀਕੇਡਾਂ ਕਾਰਨ ਜਿੱਥੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਨਿਯਮਾਂ ਦੀ ਧੱਜੀਆਂ ਉਡਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਇਨ੍ਹਾਂ ਬੈਰੀਕੇਡਾਂ ਨੂੰ ਲਗਾਉਣ ਨੂੰ ਲੈ ਕੇ ਇਕੋ ਮਹਿਕਮੇ ਦੇ ਵੱਖ-ਵੱਖ ਅਹੁਦਿਆਂ ਉੱਤੇ ਬੈਠੇ ਅਧਿਕਾਰੀਆਂ ਵਲੋਂ ਦਿੱਤੇ ਬਿਆਨਾਂ ਨੇ ਇਕ ਸਵਾਲ ਖੜ੍ਹਾ ਕਰ ਦਿੱਤਾ ਹੈ | ਬੀਤੀ ਰਾਤ ਲੌਰੀਐਂਟ ਪੈਲੇਸ 'ਚ ਵਿਆਹ ਕਾਰਨ ਨੈਸ਼ਨਲ ਹਾਈਵੇ ਦੀ ਟੋਲ ਰੋਡ ਉੱਤੇ ਇਕ ਪਾਸੇ ਦੀ ਸੜਕ ਦੇ ਦੋਵੇਂ ਸੱਜੇ ਖੱਬੇ ਪਾਸੇ ਬੈਰੀਕੇਡ ਜਿਨ੍ਹਾਂ ਉਤੇ ਪੰਜਾਬ ਪੁਲਿਸ ਦੀ ਨੀਲੀ ਲਾਲ ਪੱਟੀ ਲੱਗੀ ਹੋਈ ਸੀ ਪ੍ਰੰਤੂ ਉਸ ਪੱਟੀ ਉਤੇ ਪੰਜਾਬ ਪੁਲਿਸ ਦੀ ਥਾਂ ਪੈਲੇਸ ਦਾ ਨਾਮ ਲਿਖਿਆ ਹੋਇਆ ਸੀ ਲਗਾਏ ਗਏ ਸਨ | ਜਿਸ ਨਾਲ ਜਿਥੇ ਪਟਿਆਲਾ ਤੋਂ ਆਉਂਦੇ ਤੇਜ ਰਫਤਾਰ ਵਾਹਨਾਂ ਨੂੰ ਇਕ ਦਮ ਰੁਕਣ ਤੇ ਹੌਲੀ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉੱਥੇ ਹੀ ਬੈਰੀਕੇਡਾਂ ਕੋਲ ਕਿਸੇ ਵੀ ਪੁਲਿਸ ਮੁਲਾਜ਼ਮ ਦਾ ਹੋਣਾ ਇਹ ਸਾਬਤ ਕਰ ਰਿਹਾ ਸੀ ਕਿ ਉਹ ਬੈਰੀਕੇਡ ਪੈਲੇਸ ਦੇ ਬਾਹਰ ਨਿਕਲਦੇ ਵਾਹਨਾਂ /ਬਰਾਤੀਆਂ ਦੀ ਸੁਰੱਖਿਆ ਲਈ ਸਨ ਨਾ ਕਿ ਹਾਈਵੇ ਉਤੇ ਜਾਂਦੀ ਆਵਾਜਾਈ ਲਈ | ਇਸ ਮਾਮਲੇ ਸੰਬੰਧੀ ਜਦੋਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਉਤੇ ਕਿਸੇ ਪ੍ਰਕਾਰ ਦੀ ਬੈਰੀਕੇਡਿੰਗ ਕਿਸੇ ਵੀ ਨਿੱਜੀ ਵਲੋਂ ਨਹੀਂ ਕੀਤੀ ਜਾ ਸਕਦੀ ਅਤੇ ਪੁਲਿਸ ਸਿਰਫ਼ ਕਿਸੇ ਪ੍ਰਕਾਰ ਦੀ ਸੁਰੱਖਿਆ ਨੂੰ ਲੈ ਕੇ ਬੈਰੀਕੇਡਿੰਗ ਅਸਥਾਈ ਰੂਪ ਵਿਚ ਕਰ ਸਕਦੀ ਹੈ ਅਤੇ ਪੱਕੇ ਤੌਰ 'ਤੇ ਕਰਨ ਲਈ ਜਾਂ ਚੈਕ ਪੋਸਟ ਬਣਾਉਣ ਲਈ ਨੈਸ਼ਨਲ ਅਥਾਰਿਟੀ ਤੋਂ ਆਗਿਆ ਲੈਣੀ ਪੈਂਦੀ ਹੈ |