ਰਾਜਪੁਰਾ, 5 ਫਰਵਰੀ (ਜੀ.ਪੀ. ਸਿੰਘ)-ਲੰਘੇ ਦਿਨੀਂ ਸਥਾਨਕ ਜੱਗੀ ਕਾਲੋਨੀ ਦੇ ਬੇਆਬਾਦ ਪਲਾਟਾਂ ਵਿੱਚੋਂ ਮਿਲੀ ਗਲੀ ਸੜੀ ਅਣਪਛਾਤੀ ਲਾਸ਼ ਦਾ ਭੇਤ ਸ਼ਹਿਰੀ ਥਾਣੇ ਦੀ ਪੁਲਿਸ ਨੇ ਖੋਲ੍ਹ ਦਿੱਤਾ ਤੇ ਉਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੰਜੂ ਚਾਵਲਾ ਵਾਸੀ ਅਜੀਤ ਨਗਰ, ਖੜੌਲੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਰਾਜਪੁਰਾ ਦੀ ਐੱਮ.ਐੱਲ.ਏ. ਰੋਡ ਤੇ ਚਾਵਲਾ ਕਿਚਨ ਨਾਂਅ ਦੀ ਫਾਸਟ ਫੂਡ ਦੀ ਦੁਕਾਨ ਹੈ | ਉਸ ਕੋਲ ਅਗਸਤ 2025 ਤੋਂ ਮੰਗਲ ਸਿੰਘ ਵਾਸੀ ਰੋਹਣੀ ਦਿੱਲੀ ਨਾਂਅ ਦਾ ਇਕ ਲੜਕਾ ਨੌਕਰ ਵਜੋਂ ਕੰਮ ਕਰਦਾ ਸੀ ਜੋ ਨਸ਼ੇ ਕਰਨ ਦਾ ਆਦੀ ਸੀ | ਮੰਗਲ ਸਿੰਘ ਦੀ ਨਿਊ ਗੁਰੂ ਅਰਜਨ ਦੇਵ ਕਾਲੋਨੀ ਵਾਸੀ ਕੁਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਵਿੱਕੀ ਅਹੂਜਾ ਪੁੱਤਰ ਦਵਿੰਦਰ ਅਹੂਜਾ ਵਾਸੀ ਧਮੌਲੀ ਨਾਲ ਯਾਰੀ ਸੀ ਅਤੇ ਇਹ ਦੋਵੇਂ ਵੀ ਨਸ਼ਾ ਕਰਨ ਦੇ ਆਦੀ ਸਨ ਅਤੇ ਮੰਗਲ ਸਿੰਘ ਕੋਲ ਅਕਸਰ ਆਉਂਦੇ ਜਾਂਦੇ ਸਨ | 21 ਦਸੰਬਰ 2025 ਦੀ ਰਾਤ ਨੂੰ ਮੰਗਲ ਆਪਣੇ ਇਨ੍ਹਾਂ ਦੋ ਦੋਸਤਾਂ ਕੁਲਜੀਤ ਅਤੇ ਵਿੱਕੀ ਨਾਲ ਨਸ਼ਾ ਕਰਨ ਗਿਆ ਸੀ | 22 ਦਸੰਬਰ ਨੂੰ ਜਦੋਂ ਮੁਦੈਲਾ ਆਪਣੀ ਦੁਕਾਨ ਤੇ ਆਈ ਤਾਂ ਉਸ ਨੂੰ ਮੰਗਲ ਸਿੰਘ ਦੁਕਾਨ ਤੇ ਮੌਜੂਦ ਨਾ ਮਿਲਿਆ ਤਾਂ ਮੰਗਲ ਸਿੰਘ ਦੇ ਦੋਸਤ ਕੁਲਜੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਵਾਪਸ ਦਿੱਲੀ ਚਲਾ ਗਿਆ ਹੈ | ਉਸ ਤੋਂ ਬਾਅਦ ਜਾਂਚ ਦੌਰਾਨ ਪਤਾ ਲੱਗਾ ਕਿ 21 ਦਸੰਬਰ ਦੀ ਰਾਤ ਨੂੰ ਮੰਗਲ ਸਿੰਘ ਦਾ ਆਪਣੇ ਦੋਸਤਾਂ ਕੁਲਜੀਤ ਅਤੇ ਵਿੱਕੀ ਨਾਲ ਝਗੜਾ ਹੋਇਆ ਸੀ | ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਜੱਗੀ ਕਾਲੋਨੀ ਦੇ ਬੇਆਬਾਦ ਪਏ ਪਲਾਟਾਂ ਵਿਚ ਸੁੱਟ ਦਿੱਤੀ ਅਤੇ ਉਸ ਦੀ ਪਛਾਣ ਨੂੰ ਖ਼ਤਮ ਕਰਨ ਲਈ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ | ਜਿਸ ਤੇ ਸ਼ਹਿਰੀ ਪੁਲਿਸ ਨੇ ਪਹਿਲਾਂ ਧਾਰਾ 174 ਤਹਿਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਤੇ ਹੁਣ ਕੇਸ ਨੂੰ ਕਤਲ ਦੇ ਕੇਸ ਵਿਚ ਤਬਦੀਲ ਕਰਕੇ ਕੁਲਜੀਤ ਸਿੰਘ ਅਤੇ ਵਿੱਕੀ ਅਹੂਜਾ ਨੂੰ ਬਤੌਰ ਮੁਲਜ਼ਮ ਨਾਮਜ਼ਦ ਕਰ ਲਿਆ ਹੈ | ਜਾਂਚ ਅਧਿਕਾਰੀ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ |