ਪਟਿਆਲਾ, 5 ਫਰਵਰੀ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਵਾਰ-ਵਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਵੀ ਲੋਕੀਂ ਵਿਦੇਸ਼ ਜਾਣ ਦੀ ਲਾਲਸਾ ਕਾਰਨ ਠੱਗ ਏਜੰਟਾਂ ਦੇ ਹੱਥੇ ਚੜ੍ਹ ਰਹੇ ਹਨ | ਜਿਸ ਦਾ ਖ਼ਮਿਆਜ਼ਾ ਵੀ ਉਨ੍ਹਾਂ ਨੂੰ ਆਪਣੇ ਲੱਖਾਂ ਰੁਪਏ ਗਵਾ ਕੇ ਭੁਗਤਣਾ ਪੈ ਰਿਹਾ ਹੈ | ਇਸੇ ਸਿਲਸਿਲੇ ਤਹਿਤ ਹਰਜਿੰਦਰ ਸਿੰਘ ਵਾਸੀ ਪਟਿਆਲਾ ਨੇ ਥਾਣਾ ਅਰਬਨ ਅਸਟੇਟ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਲੜਕੇ ਨੂੰ ਆਸਟ੍ਰੇਲੀਆ ਭੇਜਣ ਲਈ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਮੁਹਾਲੀ ਨੂੰ 19 ਲੱਖ ਰੁਪਏ ਦਿੱਤੇ ਸੀ ਪਰ ਬਾਅਦ 'ਚ ਮੁਲਜ਼ਮ ਨੇ ਉਸ ਦੇ ਲੜਕੇ ਨੂੰ ਆਸਟ੍ਰੇਲੀਆ ਭੇਜਣ ਦੀ ਬਜਾਏ ਮਲੇਸ਼ੀਆ ਭੇਜ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ | ਜਿਸ ਆਧਾਰ 'ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਰੋਜ਼ਾਨਾ ਏਜੰਟਾਂ ਦੁਆਰਾ ਠੱਗੇ ਜਾਣ ਦੇ ਅਨੇਕਾਂ ਕੇਸ ਪੰਜਾਬ ਭਰ 'ਚ ਸਾਹਮਣੇ ਆਉਂਦੇ ਹਨ | ਜ਼ਿਆਦਾਤਰ ਇਨ੍ਹਾਂ ਕੇਸਾਂ 'ਚ ਪੈਸੇ ਲਗਾਉਣ ਵਾਲੇ ਪੀੜਤਾਂ ਦੀ ਮਿਹਨਤ ਦੀ ਰਕਮ ਵਾਪਸ ਨਹੀਂ ਮੁੜਦੀ | ਕਿਉਂਕਿ ਗ਼ਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਅਕਸਰ ਆਪਣਾ ਟਿਕਾਣਾ ਬਦਲਦੇ ਰਹਿੰਦੇ ਹਨ | ਜਿਵੇਂ ਕਿ ਉਹ ਪਟਿਆਲਾ 'ਚ ਕੰਮ ਕਰਦੇ ਹਨ ਤੇ ਕੁੱਝ ਸਾਲ ਬਾਅਦ ਮੁਹਾਲੀ, ਜਲੰਧਰ, ਲੁਧਿਆਣਾ ਅਤੇ ਪੰਜਾਬ ਦੇ ਹੋਰ ਜ਼ਿਲਿ੍ਹਆਂ 'ਚ ਆਪਣੇ ਦਫ਼ਤਰ ਖੋਲ੍ਹ ਕੇ ਲੋਕਾਂ ਨੂੰ ਆਪਣੇ ਸ਼ਬਦਜਾਲ 'ਚ ਫਸਾ ਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਵਿਦੇਸ਼ ਭੇਜਣ ਅਤੇ ਪੀ.ਆਰ. ਕਰਵਾਉਣ ਦੇ ਝੂਠੇ ਵਾਅਦੇ ਕਰ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਹੜੱਪ ਕੇ ਫ਼ਰਾਰ ਹੋ ਜਾਂਦੇ ਹਨ | ਇਸ ਸੰਬੰਧੀ ਇਨ੍ਹਾਂ ਕੇਸਾਂ ਦੀ ਪੜਤਾਲ ਕਰਨ ਵਾਲੇ ਇਕ ਐੱਸ.ਪੀ. ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿਚ ਸਾਰਾ ਕਸੂਰ ਧੋਖੇਬਾਜ਼ ਠਗਾਂ ਦਾ ਨਹੀਂ ਹੁੰਦਾ ਤੇ ਜ਼ਿਆਦਾਤਰ ਗ਼ਲਤੀ ਉਨ੍ਹਾਂ ਦੇ ਝਾਂਸੇ 'ਚ ਫਸਣ ਵਾਲਿਆਂ ਦੀ ਹੁੰਦੀ ਹੈ | ਉਹ ਬਿਨਾਂ ਕੁੱਝ ਸੋਚੇ ਸਮਝੇ ਆਪਣੇ ਬੱਚਿਆਂ ਦੀ ਜਾਨ ਤਾਂ ਖ਼ਤਰੇ 'ਚ ਪਾਉਂਦੇ ਹੀ ਨੇ ਤੇ ਅਸਿੱਧੇ ਢੰਗ ਨਾਲ ਉਨ੍ਹਾਂ ਨੂੰ ਪਹਿਲਾਂ ਹੀ ਪੈਸੇ ਦੇ ਦਿੰਦੇ ਹਨ | ਜਿਸ ਕਾਰਨ ਬਾਅਦ 'ਚ ਉਨ੍ਹਾਂ ਦੇ ਹੱਥ-ਪੱਲੇ ਕੁੱਝ ਨਹੀਂ ਲੱਗਦਾ | ਇਸ ਮਾਮਲੇ 'ਚ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ | ਜੇਕਰ ਅਸੀਂ ਸਰਕਾਰ ਵਲੋਂ ਮਨਜ਼ੂਰਸ਼ੁਦਾ ਏਜੰਟਾਂ ਦੇ ਰਾਹੀਂ ਹੀ ਵਿਦੇਸ਼ ਜਾਵਾਂਗੇ ਤਾਂ ਹੀ ਅਸੀਂ ਇਸ ਕਾਰੋਬਾਰ ਨਾਲ ਜੁੜੇ ਗ਼ਲਤ ਏਜੰਟਾਂ ਤੋਂ ਬਚ ਸਕਾਂਗੇ |