ਅਮਲੋਹ, 23 ਫਰਵਰੀ (ਗਿੱਲ)-ਸਥਾਨਕ ਨਾਭਾ ਚੌਕ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਵਿਚ ਤਾਇਨਾਤ ਇਕ ਨੌਜਵਾਨ ਮੁਲਾਜ਼ਮ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡ ਬਡਾਲੀ ਵਜੋਂ ਹੋਈ ਹੈ, ਜੋ ਕਿ ਅਮਲੋਹ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਸੇਵਾਵਾਂ ਨਿਭਾ ਰਿਹਾ ਸੀ | ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਆਪਣੇ ਮੋਟਰਸਾਈਕਲ 'ਤੇ ਪਿੰਡ ਜਾ ਰਿਹਾ ਸੀ ਕਿ ਨਾਭਾ ਚੌਂਕ ਨੇੜੇ ਉਸ ਦਾ ਮੋਟਰਸਾਈਕਲ ਅੱਗੇ ਜਾ ਰਹੀ ਇਕ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰਦਿਆਂ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ |