ਸੰਘੋਲ, 23 ਫਰਵਰੀ (ਪਰਮਵੀਰ ਸਿੰਘ ਧਨੋਆ)-ਬੀਤੇ ਦਿਨੀਂ ਪਿੰਡ ਕਾਲੇਵਾਲ ਤੋਂ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟਮਾਰਾਂ ਵਲੋਂ ਝਪਟੇ ਜਾਣ ਦਾ ਮਾਮਲਾ ਹਾਲੇ ਸੁਲਝਿਆ ਨਹੀਂ ਸੀ ਕਿ ਨਵਾਂ ਝਪਟਮਾਰ ਦਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ | ਤਾਜ਼ਾ ਮਾਮਲਾ ਨੇੜਲੇ ਪਿੰਡ ਖੰਟ ਦਾ ਹੈ | ਪੀੜਤ ਪਰਿਵਾਰ ਅਨੁਸਾਰ ਬੀਤੇ ਦਿਨ ਸ਼ਾਮ ਕਰੀਬ 5:30 ਵਜੇ ਬਜ਼ੁਰਗ ਮਾਤਾ ਹਰਜੀਤ ਕੌਰ ਆਟਾ ਚੱਕੀ ਮੂਹਰੇ ਬੈਠੀ ਸੀ ਕਿ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ਉੱਥੇ ਆਏ, ਜਿਨ੍ਹਾਂ ਨੇ ਬਜ਼ੁਰਗ ਮਾਤਾ ਨੂੰ ਗੱਲਾਂ 'ਚ ਲਗਾ ਕੇ ਅਚਾਨਕ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ, ਮੌਕੇ ਤੋਂ ਪਿੰਡ ਭੱਟੀਆਂ ਵੱਲ ਨੂੰ ਫ਼ਰਾਰ ਹੋ ਗਏ | ਬਜ਼ੁਰਗ ਮਾਤਾ ਵਲੋਂ ਘਟਨਾਕ੍ਰਮ ਬਾਰੇ ਰੌਲਾ ਪਾਉਣ 'ਤੇ ਪਰਿਵਾਰ ਵਲੋਂ ਝੱਪਟਮਾਰਾਂ ਦਾ ਪਿੱਛਾ ਵੀ ਕੀਤਾ ਗਿਆ | ਪਰਿਵਾਰ ਅਨੁਸਾਰ ਝੱਪਟਮਾਰ ਪਿੱਛਾ ਕਰਨ ਦੌਰਾਨ ਪਿੰਡ ਭੱਟੀਆਂ ਤੋਂ ਪੰਜਕੋਹਾ ਸੂਏ ਦੇ ਰਸਤੇ ਬਸੀ ਪਠਾਣਾਂ ਨੇੜਲੇ ਪਿੰਡ ਭੁੱਚੀ ਵੱਲ ਨੂੰ ਫ਼ਰਾਰ ਹੋ ਗਏ | ਕਰੀਬ 10 ਕਿੱਲੋਮੀਟਰ ਝੱਪਟਮਾਰਾਂ ਦਾ ਪਿੱਛਾ ਕਰਨ ਦੇ ਬਾਵਜੂਦ ਪਿੱਛੇ ਲੱਗੇ ਨੌਜਵਾਨ ਉਨ੍ਹਾਂ ਨੂੰ ਕਾਬੂ ਕਰਨ 'ਚ ਨਾਕਾਮ ਰਹੇ | ਪਰਿਵਾਰ ਵਲੋਂ ਮਾਮਲੇ ਸਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਜਿਸ ਦੀ ਪੁਸ਼ਟੀ ਕਰਦਿਆਂ ਪੁਲਿਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ |