ਪਟਿਆਲਾ, 22 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰ-ਰਾਸ਼ਟਰੀ ਮਾਤਭਾਸ਼ਾ ਦਿਵਸ ਦੇ ਹਵਾਲੇ ਨਾਲ਼ ਕਰਵਾਏ ਗਏ ਪ੍ਰੋਗਰਾਮਾਂ ਦੀ ਲੜੀ 'ਚ ਉੱਘੇ ਪੰਜਾਬੀ ਅਦਾਕਾਰ, ਲੇਖਕ ਅਤੇ ਰੰਗਕਰਮੀ ਰਾਣਾ ਰਣਬੀਰ ਦੇ ਨਾਟਕ 'ਬੰਦੇ ਬਣੋ ਬੰਦੇ' ਦਾ ਮੰਚਣ ਕਰਵਾਇਆ ਗਿਆ | ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵਲੋਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਤੇਗ ਬਹਾਦਰ ਹਾਲ 'ਚ ਕਰਵਾਈ ਇਸ ਪੇਸ਼ਕਾਰੀ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਦਰਸ਼ਕ ਪੁੱਜੇ | ਲਗਭਗ ਦੋ ਘੰਟੇ ਨਿਰੰਤਰ ਚੱਲੇ ਇਸ ਨਾਟਕ ਰਾਹੀਂ ਰਾਣਾ ਰਣਬੀਰ ਨੇ ਆਪਣੇ ਸਹਿ-ਕਲਾਕਾਰ ਰਾਜਵੀਰ ਬੋਪਾਰਾਏ ਨਾਲ਼ ਮਨੁੱਖਤਾ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਵਾਲੇ ਅਹਿਮ ਮਸਲਿਆਂ ਨੂੰ ਛੂੰਹਦਿਆਂ ਦਰਸ਼ਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਤ ਕੀਤਾ | ਇਸ ਨਾਟਕ ਦਾ ਮੂਲ ਆਸ਼ਾ ਇਹ ਸੀ ਕਿ ਹਉਮੈ, ਬੇਈਮਾਨੀ, ਗ਼ੁਲਾਮੀ, ਭਿ੍ਸ਼ਟਾਚਾਰ, ਸ਼ੋਸ਼ਣ, ਲੋਭ-ਲਾਲਸਾ ਅਤੇ ਨਫ਼ਰਤ-ਸਾੜੇ ਵਰਗੀਆਂ ਅਲਾਮਤਾਂ ਨੂੰ ਆਪਣੇ ਕਿਰਦਾਰ ਦਾ ਹਿੱਸਾ ਨਾ ਬਣਾ ਕੇ ਹੀ ਬੰਦੇ ਬਣਨ ਦੇ ਰਾਹ ਤੁਰਿਆ ਜਾ ਸਕਦਾ ਹੈ | ਇਸ ਨਾਟਕ ਦੀ ਪੇਸ਼ਕਾਰੀ ਨੇ ਇਹ ਸਿੱਧ ਕਰ ਦਿੱਤਾ ਕਿ ਰੰਗਮੰਚ ਦੀ ਅਸਲ ਤਾਕਤ ਸਾਧਨਾ ਵਿਚ ਨਹੀਂ, ਸਗੋਂ ਸਮਰਪਣ, ਸਾਂਝ ਅਤੇ ਜੀਵੰਤ ਪੇਸ਼ਕਾਰੀ ਵਿਚ ਹੈ | ਨਾਟਕੀ ਪੇਸ਼ਕਾਰੀ ਉਪਰੰਤ ਰਣਬੀਰ ਰਾਣਾ ਅਤੇ ਸਹਿ-ਕਲਾਕਾਰ ਰਾਜਵੀਰ ਬੋਪਾਰਾਏ ਦਾ ਸਨਮਾਨ ਕੀਤਾ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਖੋਜ ਡਾ. ਰੀਤੂ ਲਹਿਲ ਨੇ ਕੀਤੀ | ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਸਵਾਗਤੀ ਸਬਦ ਸਾਂਝੇ ਕੀਤੇ ਅਤੇ ਅੰਤ 'ਚ ਡਾ. ਗੁਰਸੇਵਕ ਸਿੰਘ ਲੰਬੀ ਨੇ ਧੰਨਵਾਦੀ ਸ਼ਬਦ ਕਹੇ | ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਡੀਨ ਭਾਸ਼ਾਵਾਂ ਬਲਵਿੰਦਰ ਕੌਰ ਸਿੱਧੂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਆਦਿ ਸ਼ਾਮਿਲ ਹੋਏ |