ਪਟਿਆਲਾ, 24 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਮੰਨਤ ਨੇ 'ਵਾਇਸ ਆਫ਼ ਪੰਜਾਬ 16' ਦੀ ਜੇਤੂ ਟਰਾਫ਼ੀ ਹਾਸਲ ਕੀਤੀ ਹੈ | ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ 'ਚ ਖੁਸ਼ੀ ਦਾ ਮਾਹੌਲ ਹੈ | ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਕਰਵਾਏ ਗਏ ਸਮਾਗਮ 'ਚ ਮੰਨਤ ਨੂੰ ਉਚੇਚੇ ਤੌਰ 'ਤੇ ਉਹ ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮੰਨਤ ਸੰਗੀਤ ਵਿਭਾਗ ਦੀ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ ਜਿਸ ਦੇ ਪਿਤਾ ਦੀਪਕ ਵੀ ਯੂਨੀਵਰਸਿਟੀ ਦੇ ਕਰਮਚਾਰੀ ਹਨ | ਡਾ. ਜਗਦੀਪ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੰਨਤ ਦੀ ਪ੍ਰਾਪਤੀ ਯੂਨੀਵਰਸਿਟੀ ਪਰਿਵਾਰ ਦੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕਲਾਵਾਂ ਦੀ ਨਰਸਰੀ ਹੈ | ਇਸ ਦੀ ਮਿੱਟੀ 'ਚ ਉਹ ਮਹਿਕ ਹੈ ਜੋ ਸੰਸਾਰ ਦੇ ਹੋਰ ਕਿਸੇ ਵੀ ਕੋਨੇ 'ਚ ਨਹੀਂ | ਯੂਨੀਵਰਸਿਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ, ਉਭਾਰਨ ਅਤੇ ਸੰਵਾਰਨ ਲਈ ਹਰ ਢੁਕਵਾਂ ਕਦਮ ਚੁੱਕਿਆ ਜਾਵੇ | ਇਸ ਮੌਕੇ 'ਤੇ ਮੰਨਤ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਅਹਿਮ ਮੋੜ ਹੈ | ਮੈਂ ਹਮੇਸ਼ਾ ਚੰਗੇ ਸੰਗੀਤ ਨਾਲ ਜੁੜ ਕੇ ਰੂਹਦਾਰੀ ਕਰਦੀ ਰਹਾਂਗੀ | ਇਸ ਕਾਮਯਾਬੀ ਪਿੱਛੇ ਮੇਰੇ ਮਾਤਾ-ਪਿਤਾ ਅਤੇ ਮੇਰੇ ਅਧਿਆਪਕਾਂ ਦੀ ਪ੍ਰੇਰਨਾ ਹੈ | ਡਾ. ਜਸਵਿੰਦਰ ਸਿੰਘ ਬਰਾੜ, ਡੀਨ, ਅਕਾਦਮਿਕ ਮਾਮਲੇ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਹਮੇਸ਼ਾ ਆਪਣੇ ਵਿਦਿਆਰਥੀਆਂ 'ਤੇ ਮਾਣ ਰਿਹਾ ਹੈ | ਡਾ. ਗੁਰਸੇਵਕ ਸਿੰਘ ਲੰਬੀ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਸਮਾਗਮ 'ਚ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਮੰਨਤ ਦੀ ਪ੍ਰਾਪਤੀ ਯੂਨੀਵਰਸਿਟੀ ਦੇ ਅਨੇਕ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰੇਗੀ | ਮੰਨਤ ਨੇ ਡਾ. ਅਰਸ਼ਪ੍ਰੀਤ ਅਤੇ ਗਰੀਮਾ ਕਲਿਆਣ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ | ਇਸ ਮੌਕੇ 'ਤੇ ਡਾ. ਰਾਜਿੰਦਰ ਲਹਿਰੀ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਬਲਵਿੰਦਰ ਕੌਰ ਸਿੱਧੂ, ਡਾ. ਸੁਰਜੀਤ ਸਿੰਘ ਭੱਟੀ, ਡਾ. ਧਰਮਵੀਰ ਸਿੰਘ, ਡਾ. ਜੋਤੀ ਪੁਰੀ, ਡਾ. ਜਸਵੀਰ ਕੌਰ ਆਦਿ ਮੌਜੂਦ ਸਨ |