ਪਟਿਆਲਾ, 24 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਡਿਜੀਟਲ ਸੁਰੱਖਿਆ ਦੇ ਖੇਤਰ 'ਚ ਇਕ ਵੱਡੀ ਪੁਲਾਂਘ ਪੁੱਟਦਿਆਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਖੇ 'ਸਾਈਬਰ ਵੈੱਲਨੈੱਸ ਅਤੇ ਸਕਿਉਰਿਟੀ ਸੈਂਟਰ' ਸਥਾਪਿਤ ਕੀਤਾ ਗਿਆ ਹੈ | ਰੂਸਾ ਗ੍ਰਾਂਟ ਦੀ ਸਹਾਇਤਾ ਨਾਲ਼ 'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਤਹਿਤ ਸਥਾਪਿਤ ਇਸ ਕੇਂਦਰ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਹਿਮਾਚਲ ਦੇ ਮੰਡੀ ਸਥਿਤ ਸਰਦਾਰ ਪਟੇਲ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਲਲਿਤ ਕੁਮਾਰ ਅਵਸਥੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਆਨਲਾਈਨ ਹੋ ਗਈ ਹੈ ਅਤੇ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ 'ਚ ਸਾਈਬਰ ਸੁਰੱਖਿਆ ਇਕ ਵੱਡੀ ਚੁਨੌਤੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖ਼ੁਦ ਦੇ ਸੁਰੱਖਿਅਤ ਸਿਸਟਮ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਡਾਟਾ ਸੁਰੱਖਿਅਤ ਰਹੇ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਇਹ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਮੁਹਾਰਤ ਦੀ ਵਰਤੋਂ ਸਮਾਜ ਦੀ ਭਲਾਈ ਲਈ ਕੰਮ ਕਰਨ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ 'ਡਿਜੀਟਲ ਡੀਟੌਕਸ' ਵੀ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅਸੀਂ ਡਿਜੀਟਲ ਦੁਨੀਆ 'ਚ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਸਕੀਏ | ਉਪ-ਕੁਲਪਤੀ ਡਾ. ਲਲਿਤ ਕੁਮਾਰ ਅਵਸਥੀ ਨੇ ਪੰਜਾਬੀ ਯੂਨੀਵਰਸਿਟੀ ਦੇ ਇਸ ਕਦਮ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ | ਉਨ੍ਹਾਂ ਉਮੀਦ ਪ੍ਰਗਟਾਈ ਕਿ ਹੋਰ ਅਦਾਰੇ ਵੀ ਇਸ ਦਿਸਾ ਵੱਲ ਅਹਿਮ ਕਦਮ ਉਠਾਉਣਗੇ | ਕੇਂਦਰ ਦੇ ਨੋਡਲ ਅਫ਼ਸਰ ਡਾ. ਅਭਿਨਵ ਭੰਡਾਰੀ ਨੇ ਦੱਸਿਆ ਕਿ ਇਹ ਕੇਂਦਰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹੋਣ ਵਾਲੇ ਸਾਈਬਰ ਖ਼ਤਰਿਆਂ ਜਿਵੇਂ ਕਿ ਡੀਪਫੇਕ, ਡਿਜੀਟਲ ਅਰੈਸਟ ਸਕੈਮ ਅਤੇ ਵਿੱਤੀ ਧੋਖਾਧੜੀ ਆਦਿ ਵਿਰੁੱਧ ਕੰਮ ਕਰੇਗਾ | 'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਕੇਂਦਰ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪ੍ਰਗਟਾਏ | ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਕੇਂਦਰ ਪੰਜਾਬ ਦਾ ਆਪਣੀ ਕਿਸਮ ਦਾ ਪਹਿਲਾ ਸਾਈਬਰ ਸੁਰੱਖਿਆ ਕੇਂਦਰ ਹੈ | ਉਦਘਾਟਨੀ ਸ਼ੈਸਨ ਉਪਰੰਤ ਇੰਜੀ. ਵਿਪਿਨ ਗੁਪਤਾ ਵਲੋਂ ਇਕ ਤਕਨੀਕੀ ਵਰਕਸ਼ਾਪ ਲਗਾਈ ਗਈ, ਜਿਸ 'ਚ ਵਿਦਿਆਰਥੀਆਂ ਨੂੰ ਸਾਈਬਰ ਹਮਲਿਆਂ ਤੋਂ ਬਚਣ ਦੇ ਵਿਹਾਰਕ ਤਰੀਕੇ ਸਿਖਾਏ ਗਏ | ਮੰਚ ਸੰਚਾਲਨ ਦਾ ਕਾਰਜ ਡਾ. ਨਵਦੀਪ ਕੰਵਲ ਵਲੋਂ ਕੀਤਾ ਗਿਆ |