ਪਟਿਆਲਾ, 24 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਜਾ ਰਹੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਸੂਬੇ ਦੇ ਕਾਂਗਰਸੀ ਆਗੂ ਕਮਰਕੱਸੇ ਕਰ ਚੁੱਕੇ ਹਨ | ਕਾਂਗਰਸੀਆਂ 'ਚ ਜਿੱਥੇ ਇਸ ਰੈਲੀ ਨੂੰ ਲੈ ਕੇ ਉਤਸ਼ਾਹ ਹੈ ਉੱਥੇ ਹੀ ਸੂਬੇ 'ਚ ਹੋਣ ਵਾਲੀ ਇਸ ਰੈਲੀ ਨਾਲ ਕਾਂਗਰਸ ਆਪਣਾ ਇਕੱਠ ਦਿਖਾਉਣ 'ਚ ਕਿੰਨੀ ਕਾਮਯਾਬ ਹੁੰਦੀ ਹੈ ਇਹ ਰੈਲੀ ਵਾਲਾ ਦਿਨ ਹੀ ਦੱਸੂਗਾ | ਰਾਹੁਲ ਗਾਂਧੀ ਦੀ ਇਸ ਰੈਲੀ ਦਾ ਮੁੱਖ ਮਕਸਦ ਜਿੱਥੇ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੇ ਵਿਰੋਧ 'ਚ ਹੋਵੇਗਾ ਉੱਥੇ ਹੀ ਗ਼ਰੀਬ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਨਾਲ ਨਾਲ ਯੂ.ਐੱਸ.ਏ. ਦੀ ਫਾਰਮਰ ਮਾਰੂ ਨੀਤੀ ਦਾ ਵਿਰੋਧ ਵੀ ਕੀਤਾ ਜਾਵੇਗਾ | ਇਸ ਰੈਲੀ 'ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਭੁਪੇਸ਼ ਬਘੇਲ ਅਤੇ ਸਹਿ-ਇੰਚਾਰਜ ਹਿਨਾ ਕਾਂਵੜੇ ਨੂੰ ਦੇਖ ਰੇਖ ਲਈ ਨਿਯੁਕਤ ਕੀਤਾ ਗਿਆ ਹੈ | ਰੈਲੀ ਨੂੰ ਲੈ ਕੇ ਜਿੱਥੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਸੂਬੇ ਦੇ ਹੋਰਨਾਂ ਆਗੂਆਂ ਵਲੋਂ ਵੀ ਇਨ੍ਹਾਂ ਮੀਟਿੰਗਾਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ | ਵੋਟਾਂ ਦੇ ਨੇੜੇ ਆਉਣ ਕਾਰਨ ਜਿੱਥੇ ਸੂਬੇ ਦੇ ਕਾਂਗਰਸੀ ਆਗੂ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕਰਨ ਲੱਗੇ ਹੋਏ ਹਨ ਉੱਥੇ ਹੀ ਆਪੋ ਆਪਣੇ ਹਲਕੇ ਵਿਚੋਂ ਰੈਲੀ ਲਈ ਵਰਕਰ ਲੈ ਕੇ ਆਉਣੇ ਤੇ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਕਰਨਾ ਇਨ੍ਹਾਂ ਆਗੂਆਂ ਲਈ ਚੁਨੌਤੀ ਹੋਵੇਗਾ | ਰੈਲੀ ਦੇ ਪ੍ਰਬੰਧਾਂ ਸਮੇਤ ਇਸ ਦੀ ਤਿਆਰੀ ਕਰਨ ਲਈ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਡਿਊਟੀ ਆਲ ਇੰਡੀਆ ਕਾਂਗਰਸ ਵਲੋਂ ਲਗਾਈ ਗਈ ਹੈ | ਇਸ ਮੌਕੇ ਪਟਿਆਲਾ, ਰਾਜਪੁਰਾ, ਸੰਗਰੂਰ ਤੇ ਬਰਨਾਲਾ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਕਾਰਜਕਾਰੀ ਨੀਤੀ ਤੋਂ ਸੀਨੀਅਰ ਲੀਡਰਸ਼ਿਪ ਭਲੀ-ਭਾਂਤ ਜਾਣੂੰ ਹੈ ਅਤੇ ਹੁਣ ਵੀ ਕੰਬੋਜ ਵਲੋਂ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਇਕ ਨਵਾਂ ਮੀਲ-ਪੱਥਰ ਸਾਬਤ ਹੋਵੇਗੀ |