ਪਟਿਆਲਾ, 25 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਸਾਈਬਰ ਸੁਰੱਖਿਆ ਸੰਬੰਧੀ ਸਿੱਖਿਆ ਅਤੇ ਉਦਯੋਗਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਪੁੱਟਦਿਆਂ 'ਇਨਫਰਮੇਸ਼ਨ ਸ਼ੇਅਰਿੰਗ ਐਂਡ ਐਨਾਲਿਸਿਸ ਸੈਂਟਰ' (ਇਸਾਕ) ਫਾੳਾੂਡੇਸ਼ਨ ਨਾਲ਼ ਇਕ ਇਕਰਾਰਨਾਮਾ ਕੀਤਾ ਗਿਆ ਹੈ | ਇਹ ਇਕਰਾਰਨਾਮਾ ਯੂਨੀਵਰਸਿਟੀ ਵਿਖੇ ਹਾਲ ਹੀ ਵਿਚ ਸਥਾਪਿਤ 'ਸਾਈਬਰ ਵੈਲਨੈੱਸ ਐਂਡ ਸਕਿਉਰਿਟੀ ਸੈਂਟਰ' ਰਾਹੀਂ ਕੀਤਾ ਗਿਆ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਮੌਜੂਦਗੀ ਵਿਚ ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਅਤੇ ਇਸਾਕ ਫਾੳਾੂਡੇਸ਼ਨ ਦੇ ਨੁਮਾਇੰਦਿਆਂ ਵਲੋਂ ਹਸਤਾਖ਼ਰ ਕੀਤੇ ਗਏ | ਜ਼ਿਕਰਯੋਗ ਹੈ ਕਿ ਇਸਾਕ ਇਕ ਰਾਸ਼ਟਰੀ ਪੱਧਰ ਦੀ ਮਾਨਤਾ ਪ੍ਰਾਪਤ ਗੈਰ-ਲਾਭਕਾਰੀ ਸੰਸਥਾ ਹੈ ਜੋ ਪੂਰੇ ਭਾਰਤ ਵਿਚ ਸਾਈਬਰ ਸੁਰੱਖਿਆ ਜਾਗਰੂਕਤਾ, ਹੁਨਰ ਵਿਕਾਸ ਅਤੇ ਸਾਈਬਰ ਹਾਈਜਨ ਦੇ ਖੇਤਰ ਵਿਚ ਕੰਮ ਕਰ ਰਹੀ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਸਹਿਯੋਗ ਨਾਲ਼ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਮੁਤਾਬਿਕ ਪ੍ਰਮਾਣ ਪੱਤਰ, ਪ੍ਰੈਕਟੀਕਲ ਐਕਸਪੋਜਰ ਅਤੇ ਰੀਅਲ-ਟਾਈਮ ਖ਼ਤਰਿਆਂ ਦੀ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਨੂੰ ਗਲੋਬਲ ਕਰੀਅਰ ਦੇ ਮੌਕਿਆਂ ਲਈ ਤਿਆਰ ਕਰੇਗੀ | ਇਕਰਾਰਨਾਮੇ ਦੀ ਮਹੱਤਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਆਪਸੀ ਸਹਿਯੋਗ ਅਤੇ ਸਾਂਝ ਨਾਲ ਕੰਮ ਕਰਨ ਦਾ ਸਮਾਂ ਹੈ | ਇਸ ਲਈ ਅਦਾਰਿਆਂ ਨੂੰ ਆਪਸੀ ਰਾਬਤਾ ਤੇ ਤਾਲਮੇਲ ਕਾਇਮ ਕਰ ਕੇ ਕਾਰਜ ਕਰਨੇ ਚਾਹੀਦੇ ਹਨ | ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਹਿਯੋਗ ਪੰਜਾਬੀ ਯੂਨੀਵਰਸਿਟੀ ਨੂੰ ਸਾਈਬਰ ਸੁਰੱਖਿਆ ਸਿੱਖਿਆ ਦੇ ਖੇਤਰ ਵਿਚ ਇੱਕ 'ਸੈਂਟਰ ਆਫ਼ ਐਕਸੀਲੈਂਸ' ਵਜੋਂ ਸਥਾਪਿਤ ਕਰਨ ਅਤੇ 'ਸੁਰੱਖਿਅਤ ਡਿਜੀਟਲ ਇੰਡੀਆ' ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ | 'ਐਂਟਰਪ੍ਰੀਨਿਓਰਸਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਸਰਟੀਫਾਈਡ ਸਾਈਬਰ ਸੁਰੱਖਿਆ ਇਨਵੈਸਟੀਗੇਟਰ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਕੋਰਸਾਂ ਅਤੇ ਰਾਸ਼ਟਰੀ ਹੈਕਾਥੌਨ ਵਿਚ ਭਾਗ ਲੈਣ ਦਾ ਮੌਕਾ ਮਿਲੇਗਾ | ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਅਤੇ ਪਲੇਸਮੈਂਟ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਤਹਿਤ ਹੋਣ ਵਾਲ਼ੇ ਸਿਖਲਾਈ ਕੋਰਸ ਵਿਦਿਆਰਥੀਆਂ ਨੂੰ ਅਸਲ ਦੁਨੀਆ ਦੀਆਂ ਚੁਨੌਤੀਆਂ ਲਈ ਤਿਆਰ ਕਰਨਗੇ, ਜਿਸ ਨਾਲ ਸਾਈਬਰ ਸੁਰੱਖਿਆ ਫ਼ਰਮਾਂ, ਬੈਂਕਾਂ ਅਤੇ ਸਰਕਾਰੀ ਏਜੰਸੀਆਂ ਵਿਚ ਨੌਕਰੀ ਦੇ ਰਾਹ ਖੁੱਲ੍ਹਣਗੇ | ਸਾਈਬਰ ਵੈਲਨੈੱਸ ਐਂਡ ਸਕਿਉਰਿਟੀ ਸੈਂਟਰ ਦੇ ਨੋਡਲ ਅਫ਼ਸਰ ਡਾ. ਅਭਿਨਵ ਭੰਡਾਰੀ ਅਤੇ ਕੋਆਰਡੀਨੇਟਰ ਡਾ. ਨਵਦੀਪ ਕੰਵਲ ਨੇ ਦੱਸਿਆ ਕਿ ਇਹ ਇਕਰਾਰਨਾਮਾ ਪਹਿਲਾਂ ਤੋਂ ਚੱਲ ਰਹੀਆਂ ਵਰਕਸ਼ਾਪਾਂ ਨੂੰ ਇਕ ਰਸਮੀ ਅਤੇ ਸੰਗਠਿਤ ਰੂਪ ਦੇਵੇਗਾ |