ਰਾਜਪੁਰਾ, 25 ਫਰਵਰੀ (ਜੀ.ਪੀ. ਸਿੰਘ)-ਨਿਊ ਗਰੇਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਰਾਜਪੁਰਾ ਅਤੇ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਵਲੋਂ ਜ਼ਿਲ੍ਹਾ ਪਟਿਆਲਾ ਦੀਆਂ ਵੱਖ-ਵੱਖ ਮੰਡੀਆਂ ਦੇ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ, ਡੀ. ਐੱਫ. ਸੀ. ਪਟਿਆਲਾ ਰਵਿੰਦਰ ਕੌਰ ਦੇ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਕਣਕ ਸੀਜਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਸੂਬੇ ਅੰਦਰ 1 ਅਪ੍ਰੈਲ 2026 ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾਣੀ ਹੈ, ਜਿਸ ਦੇ ਚਲਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਨੂੰ ਦੇਖਦਿਆਂ ਹੋਇਆਂ ਬਾਰਦਾਨਾ, ਕਣਕ ਰੱਖਣ ਲਈ ਜਗ੍ਹਾ ਅਤੇ ਟਰਾਂਸਪੋਰਟੇਸ਼ਨ ਸੰਬੰਧੀ ਪ੍ਰਬੰਧ ਅਗਾਊ ਤੌਰ 'ਤੇ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ | ਪ੍ਰਧਾਨ ਬੈਦਵਾਨ ਨੇ ਜਾਣੂ ਕਰਵਾਇਆ ਕਿ ਕਣਕ ਦੇ ਖ਼ਰੀਦ ਦੇ ਸੀਜਨ ਦੌਰਾਨ ਕਈ ਵਾਰ ਏਜੰਸੀਆਂ ਵਲੋਂ ਬਾਰਦਾਨੇ ਦੀ ਘਾਟ ਹੋਣ ਦੇ ਚਲਦਿਆਂ ਕਣਕ ਦੀ ਖ਼ਰੀਦ 'ਚ ਖੜੋਤ ਪੈਦਾ ਹੁੰਦੀ ਹੈ | ਇਸ ਤੋਂ ਇਲਾਵਾ ਖ਼ਰੀਦੀ ਗਈ ਕਣਕ ਦੀ ਲਿਫ਼ਟਿੰਗ ਅਤੇ ਟ੍ਰਾਂਸਪੋਰਟ ਦੇ ਅਗਾਊਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਨੇ ਆੜ੍ਹਤੀ ਐਸੋਸੀਏਸ਼ਨ ਦੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਕਿ ਉਹ ਕਣਕ ਦੇ ਸੀਜਨ ਦੇ ਪ੍ਰਬੰਧਾਂ ਨੂੰ ਅਗਾਉਂ ਤੌਰ ਉੱਤੇ ਮੁਕੰਮਲ ਕਰਵਾਉਣ ਦੇ ਲਈ ਵਚਨਬੱਧ ਹਨ | ਜਿਸ ਦੇ ਚੱਲਦਿਆਂ 15 ਮਾਰਚ 2026 ਨੂੰ ਵੱਖ-ਵੱਖ ਏਜੰਸੀਆਂ ਦੇ ਇੰਸਪੈਕਟਰਾਂ, ਡੀ. ਅੱੈਫ. ਐੱਸ. ਓ. ਅਤੇ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦੀ ਹਾਜ਼ਰੀ ਦੇ ਵਿਚ ਬੈਠਕ ਸੱਦ ਕੇ ਕਣਕ ਦੇ ਸੀਜਨ ਦੇ ਦੌਰਾਨ ਆਣ ਵਾਲੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਪਹਿਲਾਂ ਤੋਂ ਹੀ ਪ੍ਰਬੰਧ ਮੁਕੰਮਲ ਰੱਖਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਆੜ੍ਹਤੀ ਐਸੋਸੀਏਸ਼ਨ ਦੀ ਡਾਇਰੈਕਟਰੀ ਵੀ ਭੇਂਟ ਕੀਤੀ ਗਈ | ਇਸ ਤਰ੍ਹਾਂ ਵਫ਼ਦ ਡੀ. ਐੱਫ. ਸੀ. ਰਵਿੰਦਰ ਕੌਰ ਨੂੰ ਮਿਲ ਕੇ ਆੜ੍ਹਤੀ ਦੀਆਂ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਇਆ ਗਿਆ ਤੇ ਉਨ੍ਹਾਂ ਵੀ ਆੜ੍ਹਤੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਡਕਾਲਾ, ਜ਼ਿਲ੍ਹਾ ਕੈਸ਼ੀਅਰ ਮਹੇਸ਼ ਪਾਹੂਜਾ, ਕਰਮਜੀਤ ਸਿੰਘ ਨਾਭਾ ਅਲੋਹਰਾ, ਸਤਵਿੰਦਰ ਸਿੰਘ ਸੈਣੀ ਪਟਿਆਲਾ, ਨਰਿੰਦਰ ਗੋਇਲ ਸਮਾਣਾ, ਕਰਮਜੀਤ ਸਿੰਘ ਬਲਬੇੜਾ, ਘਈ ਲੋਟ, ਪਵਨ ਬਾਂਸਲ ਖਨੌਰੀ, ਵਿਜੇ ਕੁਮਾਰ ਸਨੌਰ, ਰਮਨ ਵਧਵਾ ਸਮੇਤ ਆੜਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |