ਦੇਵੀਗੜ੍ਹ, 25 ਫਰਵਰੀ (ਰਾਜਿੰਦਰ ਸਿੰਘ ਮੌਜੀ)-ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਜਾ ਰਹੀ 'ਮਨਰੇਗਾ ਬਚਾਓ ਸੰਗਰਾਮ ਮਹਾਂ ਰੈਲੀ' ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਸਨੌਰ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਸ ਸੰਬੰਧੀ ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਸਿੰਘ ਭੱਟੀਆਂ ਵਲੋਂ ਪਿੰਡ ਦੁੱਧਨ ਸਾਧਾਂ, ਦੁੱਧਨ ਗੁਜਰਾਂ, ਦੇਵੀਗੜ੍ਹ ਤੇ ਬਹਿਰੂ ਵਿਖੇ ਵਰਕਰਾਂ ਅਤੇ ਮਨਰੇਗਾ ਵਰਕਰਾਂ ਨਾਲ ਵਿਸ਼ੇਸ਼ ਬੈਠਕਾਂ ਕੀਤੀਆਂ ਗਈਆਂ | ਲੋਕਾਂ ਨੂੰ ਸੰਬੋਧਨ ਕਰਦਿਆਂ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਬਰਨਾਲਾ ਦੀ ਇਸ ਮਹਾਂ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਗਰੀਬਾਂ, ਮਜ਼ਦੂਰਾਂ ਅਤੇ ਪਛੜੇ ਵਰਗਾਂ ਦੀ ਆਵਾਜ਼ ਬਣੇ ਹਨ | ਇਸ ਰੈਲੀ ਰਾਹੀਂ ਮਨਰੇਗਾ ਸਕੀਮ ਨੂੰ ਬਚਾਉਣ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਇਕ ਵੱਡਾ ਹੋਕਾ ਦਿੱਤਾ ਜਾਵੇਗਾ | ਭੱਟੀਆਂ ਨੇ ਕਿਹਾ ਕਿ ਹਲਕਾ ਸਨੌਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮਰਦ ਅਤੇ ਔਰਤਾਂ ਬਰਨਾਲਾ ਪਹੁੰਚ ਕੇ ਰਾਹੁਲ ਗਾਂਧੀ ਦੇ ਵਿਚਾਰ ਸੁਣਨਗੇ | ਨਿਰਮਲ ਸਿੰਘ ਭੱਟੀਆਂ ਨੇ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ, ਅੱਜ ਮਨਰੇਗਾ ਮਜ਼ਦੂਰਾਂ ਨੂੰ ਨਾ ਤਾਂ ਪੂਰੇ 100 ਦਿਨ ਦਾ ਰੁਜ਼ਗਾਰ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਦਿਹਾੜੀਆਂ ਸਮੇਂ ਸਿਰ ਮਿਲ ਰਹੀਆਂ ਹਨ | ਵਧਦੀ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰ ਵਰਗ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ | ਬਰਨਾਲਾ ਦੀ ਰੈਲੀ ਦਾ ਮੁੱਖ ਮਕਸਦ ਕੇਂਦਰ ਅਤੇ ਰਾਜ ਸਰਕਾਰ ਨੂੰ ਜਗਾਉਣਾ ਹੈ ਤਾਂ ਜੋ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ | ਨਿਰਮਲ ਸਿੰਘ ਭੱਟੀਆਂ ਨੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਤਾਂ ਜੋ ਆਵਾਜਾਈ ਦੇ ਪ੍ਰਬੰਧਾਂ ਵਿਚ ਕੋਈ ਦਿੱਕਤ ਨਾ ਆਵੇ | ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਲੋਕਾਂ ਵਿਚ ਰਾਹੁਲ ਗਾਂਧੀ ਪ੍ਰਤੀ ਭਾਰੀ ਪਿਆਰ ਅਤੇ ਸਤਿਕਾਰ ਹੈ, ਜਿਸ ਦਾ ਸਬੂਤ ਰੈਲੀ ਵਾਲੇ ਦਿਨ ਦੇਖਣ ਨੂੰ ਮਿਲੇਗਾ | ਇਸ ਮੌਕੇ ਬਲਕਾਰ ਸਿੰਘ, ਜਸਮੇਰ ਸਿੰਘ, ਬਿਕਰਮ ਸਿੰਘ, ਮੀਹਾ ਸਿੰਘ, ਰੀਸੀਪਾਲ ਕਰਨੈਲ ਸਿੰਘ, ਸਵਰਨ ਸਿੰਘ, ਲੈਲਾ, ਰਘਬੀਰ ਸਿੰਘ, ਕਾਲਾ ਸ਼ਰਮਾ, ਗੁਰਮੀਤ ਬਾਵਾ, ਸੋਨੀ ਕਪੁਰੀ ਮੇਟ ਰਾਣੀ ਕੌਰ, ਮੀਨਾ ਦੇਵੀ, ਰੀਨਾ ਦੇਵੀ, ਨਰਸੀ ਰਾਮ, ਬਲਵਿੰਦਰ ਸਿੰਘ, ਰਣਧੀਰ ਸਿੰਘ, ਬਲਵੀਰ ਸਿੰਘ, ਦਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਸਚਿਨ, ਮਨੀਸ ਗੋਲਡੀ, ਮਨਪ੍ਰੀਤ ਸਿੰਘ ਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ |