ਚੰਡੀਗੜ੍ਹ, 25 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਰੇਲਵੇ ਮੰਤਰਾਲੇ ਵਲੋਂ ਪੰਜਾਬ ਦੇ ਕੌਲੀ ਤੋਂ ਸਰਾਏ ਬੰਜਾਰਾ ਤੱਕ ਪ੍ਰਸਤਾਵਿਤ ਨਵੀਂ ਬਾਈਪਾਸ ਰੇਲ ਲਾਈਨ ਲਈ 'ਫਾਈਨਲ ਲੋਕੇਸ਼ਨ ਸਰਵੇਖਣ' (ਐਫ. ਐਲ. ਐਸ.) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ 'ਚ ਰੇਲ ਸੇਵਾਵਾਂ ਨੂੰ ਹੋਰ ਤੇਜ਼, ਸੁਗਮ ਅਤੇ ਆਧੁਨਿਕ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ | ਰੇਲ ਮੰਤਰੀ ਬਿੱਟੂ ਨੇ ਦੱਸਿਆ ਕਿ ਪ੍ਰਸਤਾਵਿਤ ਬਾਈਪਾਸ ਲਾਈਨ ਰਾਜਪੁਰਾ ਰੇਲਵੇ ਸਟੇਸ਼ਨ ਨੂੰ ਬਾਈਪਾਸ ਕਰੇਗੀ, ਜਿਸ ਨਾਲ ਪਟਿਆਲਾ ਅਤੇ ਲੁਧਿਆਣਾ ਦਰਮਿਆਨ ਚੱਲਣ ਵਾਲੀਆਂ ਰੇਲਾਂ ਨੂੰ ਰਾਜਪੁਰਾ ਸਟੇਸ਼ਨ 'ਚ ਦਾਖਲ ਹੋਣ ਦੀ ਲੋੜ ਨਹੀਂ ਰਹੇਗੀ | ਇਸ ਨਾਲ ਜਿਥੇ ਯਾਤਰਾ ਸਮੇਂ 'ਚ ਕਮੀ ਆਵੇਗੀ, ਉਥੇ ਹੀ ਰਾਜਪੁਰਾ ਜੰਕਸ਼ਨ 'ਤੇ ਟ੍ਰੈਫਿਕ ਦਾ ਦਬਾਅ ਵੀ ਘਟੇਗਾ, ਨਾਲ ਹੀ ਮਾਲਗੱਡੀਆਂ ਅਤੇ ਲੰਬੀ ਦੂਰੀ ਦੀਆਂ ਰੇਲਾਂ ਲਈ ਇਹ ਬਾਈਪਾਸ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੋਵੇਗਾ | ਇਸ ਨਾਲ ਰੇਲ ਸੰਚਾਲਨ ਵਿਚ ਸੁਚਾਰੂਪਣ ਆਵੇਗਾ ਅਤੇ ਰੇਲਾਂ ਦੀ ਸਮੇਂ-ਸਿਰ ਆਵਾਜਾਈ ਯਕੀਨੀ ਬਣੇਗੀ | ਰਾਜਪੁਰਾ ਜੰਕਸ਼ਨ 'ਤੇ ਵਧ ਰਹੀ ਭੀੜ-ਭਾੜ ਨੂੰ ਘਟਾਉਣ ਨਾਲ ਮੁਸਾਫ਼ਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ | ਰੇਲ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਬਾਈਪਾਸ ਪਹਿਲਾਂ ਮਨਜ਼ੂਰ ਹੋ ਚੁੱਕੀ ਰਾਜਪੁਰਾਮੁਹਾਲੀ ਨਵੀਂ ਰੇਲ ਲਾਈਨ ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਖੇਤਰੀ ਸੰਪਰਕ ਹੋਰ ਮਜ਼ਬੂਤ ਹੋਵੇਗਾ |