ਪੋਜੇਵਾਲ ਸਰਾਂ, 25 ਫਰਵਰੀ (ਨਵਾਂਗਰਾਈਾ)-ਪਿਛਲੇ ਦਿਨੀਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਖੁਰਾਲਗੜ੍ਹ ਸਾਹਿਬ ਤੋਂ ਚੰਡੀਗੜ੍ਹ ਵਾਇਆ ਪੋਜੇਵਾਲ, ਗੜ੍ਹਸ਼ੰਕਰ, ਨਵਾਂਸ਼ਹਿਰ ਲਈ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਸੇਵਾ ਸ਼ੁਰੂ ਕੀਤੀ ਸੀ | ਇਸ ਬੱਸ ਰੂਟ ਨਾਲ ਬੀਤ ਅਤੇ ਕੰਢੀ ਦੇ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਸੁਵਿਧਾ ਹੋਈ ਸੀ ਤੇ ਫਿਰ ਇੱਕ ਦਮ ਰੋਡਵੇਜ਼ ਦੇ ਅਧਿਕਾਰੀਆਂ ਵਲੋਂ ਇਹ ਰੂਟ ਬੰਦ ਕਰ ਦਿੱਤਾ ਗਿਆ, ਜਿਸ ਨਾਲ ਕੰਢੀ ਅਤੇ ਬੀਤ ਇਲਾਕੇ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਹਮਾਣਾ ਕਰਨਾ ਪੈ ਰਿਹਾ ਹੈ | ਪੰਜਾਬ ਸਰਕਾਰ ਵਲੋਂ ਇਹ ਰੂਟ ਦਸੰਬਰ 2024 ਵਿੱਚ ਸ਼ੁਰੂ ਕੀਤਾ ਸੀ | ਇਸ ਰੂਟ ਦੇ ਸ਼ੁਰੂ ਹੋਣ ਨਾਲ ਖੁਰਾਲਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਪੀ.ਜੀ.ਆਈ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਬਹੁਤ ਸਹੂਲਤ ਹੋ ਗਈ ਸੀ, ਕਿਉਂਕਿ ਸਵੇਰੇ ਅਤੇ ਸ਼ਾਮ ਸਮੇਂ ਇਸ ਰੂਟ ਦੀ ਸਮਾਂ ਬਹੁਤ ਵਧੀਆ ਸੀ | ਫਿਰ 11 ਮਾਰਚ ਨੂੰ ਰੋਡਵੇਜ਼ ਦੇ ਅਧਿਕਾਰੀਆਂ ਵਲੋਂ ਇਹ ਰੂਟ ਇੱਕ ਦਮ ਬੰਦ ਕਰ ਦਿੱਤਾ ਗਿਆ, ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਹੇਸ਼ਾਨੀ ਹੋ ਗਈ ਤੇ ਅਧਿਕਾਰੀਆਂ ਵਲੋਂ ਇਹ ਰੂਟ ਬੰਦ ਕਰਨ ਦਾ ਕਾਰਨ ਲੋਕਾਂ ਨੂੰ ਸਮਝ ਨਹੀਂ ਲੱਗ ਰਿਹਾ ਹੈ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਹ ਰੂਟ ਤੁਰੰਤ ਬਹਾਲ ਕੀਤਾ ਜਾਵੇ | ਇਸ ਤੋਂ ਇਲਾਵਾ ਇਹ ਵਰ੍ਹਾ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਰਾ ਸਾਲ ਸਮਾਗਮ ਕਰਵਾਏ ਜਾ ਰਹੇ ਤੇ ਰੋਜ਼ਾਨਾ ਸੰਗਤ ਮੀਨਾਰੇ ਬੇਗਮਪੁਰਾ ਦੇਖਣ ਅਤੇ ਖੁਰਲਾਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀ ਹੈ, ਇਸ ਲਈ ਇਸ ਰੂਟ ਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ | ਇਸ ਸਬੰਧੀ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਚੰਡੀਗੜ੍ਹ-ਖੁਰਾਲਗੜ੍ਹ ਸਾਹਿਬ ਰੂਟ ਤੁਰੰਤ ਬਹਾਲ ਕੀਤਾ ਜਾਵੇ | ਰਮਨ ਨੰਦ ਲਾਲ ਅਕਾਲੀ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਹ ਰੂਟ ਲੋਕਾਂ ਲਈ ਬਹੁਤ ਹੀ ਲਾਹੇਵੰਦ ਰੂਟ ਰਿਹਾ ਹੈ, ਇਸ ਲਈ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਰੂਟ ਤੁਰੰਤ ਚਾਲੂ ਕੀਤਾ ਜਾਵੇ | ਅਸ਼ੋਕ ਕੁਮਾਰ ਨਾਨੋਵਾਲ ਸੀਨੀਅਰ ਅਕਾਲੀ ਆਗੂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਇਹ ਰੂਟ ਤੁਰੰਤ ਚਾਲੂ ਕੀਤਾ ਜਾਵੇ |