ਪਟਿਆਲਾ, 26 ਫਰਵਰੀ (ਮਨਦੀਪ ਸਿੰਘ ਖਰੌੜ)-ਸ਼ਿਵ ਸੈਨਾ ਹਿੰਦੁਸਤਾਨ ਦੇ ਧਾਰਮਿਕ ਵਿੰਗ, ਸ੍ਰੀ ਰਾਮ ਹਨੰੂਮਾਨ ਸੇਵਾ ਦਲ, ਪਵਨ ਕੁਮਾਰ ਗੁਪਤਾ ਦੀ ਅਗਵਾਈ ਹੇਠ, ਸ੍ਰੀ ਕਾਲੀ ਮਾਤਾ ਮੰਦਿਰ ਪਰਿਸਰ ਵਿਚ 18ਵਾਂ ਸਾਲਾਨਾ ਸ੍ਰੀ ਹਨੰੂਮਾਨ ਚਾਲੀਸਾ ਪਾਠ ਮਹਾਂਉਤਸਵ ਕਰਵਾਇਆ ਗਿਆ | ਇਸ ਮੌਕੇ ਅਖਾੜਾ ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਵਿੰਦਰ ਪੁਰੀ ਮਹਾਰਾਜ, ਹਰਿਦੁਆਰ ਆਸ਼ਰਮ ਤੋਂ ਮੁੱਖ ਮਹਿਮਾਨ ਵਜੋਂ ਪਹੁੰਚੇ | ਪਟਿਆਲਾ ਦੀ ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਕਾਨੂੰਨੀ ਵਿੰਗ, ਹਿੰਦੁਸਤਾਨ ਐਡਵੋਕੇਟ ਲੀਗਲ ਸੈਨਾ ਪੰਜਾਬ ਦੇ ਮੁਖੀ ਐਡਵੋਕੇਟ ਪੰਕਜ ਗੌੜ ਨਾਲ ਗੱਲਬਾਤ ਕੀਤੀ, ਜਿੱਥੇ ਸ੍ਰੀ ਗੌੜ ਨੇ ਮਹੰਤ ਨਾਲ ਪੰਜਾਬ ਵਿਚ ਸਨਾਤਨ ਧਰਮ ਦੀ ਸਥਿਤੀ ਬਾਰੇ ਚਰਚਾ ਕੀਤੀ | ਪੰਜਾਬ ਮੁਖੀ ਨੇ ਕਿਹਾ ਕਿ ਮਹਾਰਾਜ ਨੇ ਉਨ੍ਹਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਸੰਦੇਸ਼ ਦਿੱਤਾ ਕਿ ਪੰਜਾਬ ਦੇ ਨੌਜਵਾਨ, ਜੋ ਸਨਾਤਨ ਧਰਮ ਨੂੰ ਪਿਆਰ ਕਰਦੇ ਹਨ, ਨੂੰ ਅੱਗੇ ਆਉਣਾ ਚਾਹੀਦਾ ਹੈ | ਸ਼ਿਵ ਸੈਨਾ ਦੇ ਲੀਗਲ ਸੈੱਲ ਦੇ ਪੰਜਾਬ ਪ੍ਰਮੁੱਖ ਵਕੀਲ ਪੰਕਜ ਗੌੜ ਨੇ ਇਸ ਮੌਕੇ 'ਤੇ ਮੌਜੂਦ ਮਹਾਂਮੰਡਲੇਸ਼ਵਰ ਯਤੀ ਨਰਸਿੰਘਾਨੰਦ ਮਹਾਰਾਜ ਨਾਲ ਵੀ ਮੁਲਾਕਾਤ ਕੀਤੀ | ਉਨ੍ਹਾਂ ਨੇ ਸਨਾਤਨ ਧਰਮ ਦੇ ਝੰਡੇ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਪੰਜਾਬ ਪ੍ਰਮੁੱਖ ਨਾਲ ਇਹ ਵੀ ਚਰਚਾ ਕੀਤੀ ਕਿ ਉਹ ਇਸ ਯਤਨ ਨੂੰ ਤੇਜ਼ ਕਰਨ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸ ਵਿਚ ਸ਼ਾਮਿਲ ਹੋ ਸਕਣ |