ਰਾਜਪੁਰਾ, 4 ਮਾਰਚ (ਰਣਜੀਤ ਸਿੰਘ)-ਰਾਜਪੁਰਾ ਕਾਲਕਾ ਰੋਡ 'ਤੇ ਓਵਰ ਬਿ੍ਜ ਨੇੜੇ ਲੱਗੇ ਏ.ਟੀ.ਐਮ. 'ਤੇ ਧਾਵਾ ਬੋਲ ਕੇ ਕਾਰ ਸਵਾਰ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਏ ਹਨ | ਚਾਰ ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਖਾਲੀ ਵਿਖਾਈ ਦੇ ਰਹੇ ਹਨ | ਇਸ ਤੋਂ ਲੱਗ ਰਿਹਾ ਹੈ ਕਿ ਸ਼ਹਿਰ 'ਚ ਚੋਰ ਚੁਸਤ ਅਤੇ ਪੁਲਿਸ ਸੁਸਤ ਹੋਈ ਪਈ ਹੈ | ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਪੈੜ ਨੱਪੀ ਜਾ ਰਹੀ ਹੈ | ਪੁਲਿਸ ਸੀਸੀਟੀਵੀ ਕੈਮਰਿਆਂ ਦੀ ਘੋਖ ਪੜਤਾਲ ਕਰਨ 'ਚ ਵੀ ਲੱਗੀ ਹੋਈ ਹੈ | ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਇੱਥੋਂ ਦੇ ਓਵਰਬਿ੍ਜ ਦੇ ਨੇੜੇ ਬਣੇ ਏ.ਟੀ.ਐਮ. 'ਤੇ ਸਵੇਰੇ ਕਰੀਬ ਚਾਰ ਕੁ ਵਜੇ ਕਾਰ 'ਚ ਸਵਾਰ ਹੋ ਕੇ ਆਏ ਚੋਰਾਂ ਨੇ ਕਟਰ ਦੀ ਮਦਦ ਨਾਲ ਪੁਲਿਸ ਦਾ ਡਰ ਭੈਅ ਛਿੱਕੇ ਟੰਗ ਕੇ ਧਾਵਾ ਬੋਲ ਦਿੱਤਾ ਸੀ ਭਾਵੇਂ ਹਾਲੇ ਤੱਕ ਕਿਸੇ ਵੀ ਅਫ਼ਸਰ ਨੇ ਇਸ ਗੱਲ 'ਤੇ ਮੋਹਰ ਨਹੀ ਲਾਈ ਕਿ ਏ.ਟੀ.ਐਮ. 'ਚੋਂ ਕਿੰਨੇ ਪੈਸੇ ਚੋਰੀ ਹੋਏ ਹਨ | ਸੂਤਰਾਂ ਮੁਤਾਬਿਕ ਚੋਰ ਏ.ਟੀ.ਐਮ. 'ਚ ਪਈ ਸਾਢੇ ਸੋਲ੍ਹਾਂ ਕੁ ਲੱਖ ਦੀ ਨਗਦੀ ਉਡਾ ਕੇ ਲੈ ਜਾਣ 'ਚ ਸਫਲ ਹੋ ਗਏ ਹਨ | ਜਿਸ ਤਰ੍ਹਾਂ ਨਾਲ ਚੋਰਾਂ ਨੇ ਤੜਕੇ ਚਾਰ ਵਜੇ ਏ.ਟੀ.ਐਮ. ਨੂੰ ਕਟਰ ਦੀ ਸਹਾਇਤਾ ਨਾਲ ਕੱਟਿਆ | ਚੋਰਾਂ ਨੂੰ ਪੁਲਿਸ ਦੀ ਪੈਟਰੋਲਿੰਗ ਪਾਰਟੀਆਂ ਦਾ ਕੋਈ ਡਰ ਭੈਅ ਨਹੀਂ ਰਿਹਾ | ਪਤਾ ਲੱਗਾ ਹੈ ਕਿ ਜਿਸ ਕਾਰ 'ਚ ਸਵਾਰ ਹੋ ਕੇ ਚੋਰ ਆਏ ਸਨ ਉਸ ਕਾਰ ਦਾ ਨੰਬਰ ਵੀ ਚੋਰਾਂ ਨੇ ਜਾਅਲੀ ਲਾਇਆ ਹੋਇਆ ਸੀ | ਘਟਨਾ ਤੋਂ ਲੱਗਦਾ ਹੈ ਕਿ ਚੋਰਾਂ ਨੇ ਰੈਕੀ ਕੀਤੀ ਹੋ ਸਕਦੀ ਹੈ ਕਿ ਕਿਹੜੇ ਸਮੇਂ ਨੂੰ ਵਾਰਦਾਤ ਲਈ ਚੁਣਿਆ ਜਾਵੇ | ਘਟਨਾ ਦਾ ਪਤਾ ਉਸ ਵਕਤ ਲੱਗਾ ਜਦੋਂ ਇਕ ਵਿਅਕਤੀ ਏ.ਟੀ.ਐਮ. 'ਚੋਂ ਪੈਸੇ ਲੈਣ ਲਈ ਗਿਆ ਉਸ ਨੇ ਵੇਖਿਆ ਕਿ ਏ.ਟੀ.ਐਮ. 'ਚੋਂ ਤਾਂ ਸਵੇਰੇ ਤੜਕੇ ਹੀ ਚੋਰ ਪੈਸੇ ਲੈ ਗਏ ਹਨ | ਇਸ ਤੋਂ ਬਾਅਦ ਪੁਲਿਸ ਦੀ ਅੱਖ ਖੁੱਲ੍ਹੀ ਅਤੇ ਮੌਕੇ 'ਤੇ ਪੁਲਿਸ ਅਫ਼ਸਰ ਅਤੇ ਫੋਰੈਂਸਿਕ ਟੀਮ ਵੀ ਪੁੱਜ ਗਈ ਸੀ | ਏ.ਟੀ.ਐਮ. 'ਚ ਕੋਈ ਸਿਕਿਉਰਿਟੀ ਗਾਰਡ ਬਾਰੇ ਵੀ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਕਿ ਗਾਰਡ ਦੀ ਡਿਊਟੀ ਸੀ ਜਾਂ ਨਹੀਂ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਏ.ਟੀ.ਐਮ. ਹੀ ਸੇਫ਼ ਨਹੀਂ ਤਾਂ ਆਮ ਲੋਕਾਂ ਦੀ ਸੰਭਾਲ ਕਿਵੇਂ ਹੋਵੇਗੀ | ਇਸ ਸੰਬੰਧੀ ਸੰਪਰਕ ਕਰਨ 'ਤੇ ਐੱਸ.ਐੱਚ.ਓ. ਗੁਰਸੇਵਕ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਜਲਦੀ ਹੀ ਪੁਲਿਸ ਕਿਸੇ ਨਤੀਜੇ 'ਤੇ ਪੁੱਜ ਜਾਵੇਗੀ |