ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਕਈ ਇਲਾਕਿਆਂ 'ਚ 1 ਕਰੋੜ 7 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਹ ਕਾਰਜ ਨਾਭਾ ਗੇਟ ਤੋਂ ਕਾਰ ਪਾਰਕਿੰਗ ਏਸੀ ਮਾਰਕੀਟ ਤੱਕ ਕਰਵਾਏ ਜਾਣਗੇ | ਇਨ੍ਹਾਂ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਇਸ ਮੌਕੇ ਕੌਂਸਲਰ ਜਗਤਾਰ ਸਿੰਘ ਤਾਰੀ ਵਾਰਡ ਨੰਬਰ-46 ਅਤੇ ਕੌਂਸਲਰ ਮੀਨਾ ਦੇਵੀ ਵਾਰਡ ਨੰਬਰ-45 ਵੀ ਮੌਜੂਦ ਸਨ | ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ-ਹਿਤੈਸੀ ਅਤੇ ਵਿਕਾਸ ਕੇਂਦਰਿਤ ਸੋਚ ਦੇ ਤਹਿਤ ਅਮਲ 'ਚ ਲਿਆਂਦੇ ਗਏ ਹਨ | ਕੋਹਲੀ ਨੇ ਕਿਹਾ ਕਿ ਵਿਕਾਸ ਕਾਰਜਾਂ ਤਹਿਤ ਨਾਭਾ ਗੇਟ ਤੋਂ ਏਸੀ ਮਾਰਕੀਟ ਪਾਰਕਿੰਗ ਤੱਕ, ਸਮੇਤ ਕਈ ਪ੍ਰਮੁੱਖ ਇਲਾਕਿਆਂ ਵਿਚ ਸੜਕਾਂ ਦੀ ਨਵੀਂ ਬਣਤ, ਇੰਟਰਲਾਕਿੰਗ ਟਾਈਲਾਂ ਅਤੇ ਆਵਾਜਾਈ ਸੁਵਿਧਾਵਾਂ ਵਿਚ ਵਾਧਾ ਕੀਤਾ ਗਿਆ ਹੈ | ਇਨ੍ਹਾਂ ਕਾਰਜਾਂ ਨਾਲ ਨਾ ਸਿਰਫ ਟ੍ਰੈਫਿਕ ਪ੍ਰਬੰਧਨ ਸੁਧਰੇਗਾ, ਸਗੋਂ ਇਲਾਕੇ ਦੀ ਸੂਰਤ ਵੀ ਨਿਖਰੇਗੀ | ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ 'ਚ ਇਤਿਹਾਸਕ ਵਿਕਾਸ ਦੀ ਲਹਿਰ ਚੱਲ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਹੋਰ ਨਵੇਂ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਜਾਵੇਗੀ ਤਾਂ ਜੋ ਸਹਿਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਾਰੇ ਵਿਕਾਸ ਕਾਰਜ ਮਿਆਰੀ ਤਰੀਕੇ ਨਾਲ ਅਤੇ ਸਮੇਂ ਸਿਰ ਮੁਕੰਮਲ ਕਰਵਾਏ ਜਾ ਰਹੇ ਹਨ |