ਨਾਭਾ, 5 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਭਾ ਤੋਂ ਸੀਨੀਅਰ ਕੌਂਸਲਰ ਅਤੇ ਯੂਥ ਅਕਾਲੀ ਦਲ ਦੇ ਆਗੂ ਐਡਵੋਕੇਟ ਖ਼ੁਸ਼ਹਾਲ ਖੋਰਾ ਬੱਬਲੂ ਦੀ ਅਗਵਾਈ ਹੇਠ ਅੱਜ ਸਥਾਨਕ ਨਵੀਂ ਅਨਾਜ ਮੰਡੀ ਨਜ਼ਦੀਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਦੀ ਨਵੀਂ ਅਨਾਜ ਮੰਡੀ 'ਚ 4 ਅਪ੍ਰੈਲ ਨੂੰ ਹੋਣ ਵਾਲੀ 'ਪੰਜਾਬ ਬਚਾਓ ਰੈਲੀ' ਸੰਬੰਧੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਨੌਜਵਾਨਾਂ ਅਤੇ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਥ ਅਕਾਲੀ ਆਗੂ ਬੱਬਲੂ ਖੋਰਾ ਨੇ ਸਭ ਤੋਂ ਪਹਿਲਾਂ ਸਮੂਹ ਪਾਰਟੀ ਵਰਕਰਾਂ, ਅਹੁਦੇਦਾਰਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਸੱਦੇ 'ਤੇ ਛੋਟੀ ਜਿਹੀ ਮੀਟਿੰਗ ਨੂੰ ਰੈਲੀ 'ਚ ਤਬਦੀਲ ਕਰ ਦਿੱਤਾ | ਬੱਬਲੂ ਖੋਰਾ ਨੇ ਕਿਹਾ ਕਿ ਨਾਭਾ ਵਿਖੇ 4 ਅਪ੍ਰੈਲ ਨੂੰ 'ਪੰਜਾਬ ਬਚਾਓ ਰੈਲੀ' ਹੋ ਰਹੀ ਹੈ ਜਿਸ ਨੂੰ ਸੰਬੋਧਨ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਆ ਰਹੀ ਹੈ | ਉਨ੍ਹਾਂ ਕਿਹਾ ਕਿ ਨਾਭਾ ਪਹੁੰਚਣ 'ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਹਲਕੇ ਦੇ ਸਮੂਹ ਵਰਕਰਾਂ ਵਲੋਂ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਮੁੜ ਪੰਜਾਬ ਵਿਚ ਦੇਖਣਾ ਚਾਹੁੰਦੇ ਹਨ, ਕਿਉਂ ਜੋ ਪੰਜਾਬ ਦਾ ਵਿਕਾਸ ਸਿਰਫ ਤੇ ਸਿਰਫ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ | ਅਕਾਲੀ ਆਗੂ ਗੁਰਬਖਸ਼ੀਸ਼ ਸਿੰਘ ਨਰਮਾਣਾ, ਹਰਚਰਨ ਸਿੰਘ ਅਗੇਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਭਾ ਆਉਂਦੇ ਹਨ ਤਾਂ ਸਾਡੀ ਇਕੋ ਮੰਗ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਸਾਨੂੰ ਨਾਭਾ ਹਲਕੇ ਤੋਂ ਕੋਈ ਨਾਭਾ ਦਾ ਜੰਮਪਲ ਆਗੂ ਦਿੱਤਾ ਜਾਵੇ ਤਾਂ ਜੋ ਇਸ ਵਾਰ ਨਾਭਾ ਸੀਟ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਪਾਰਟੀ ਦੀ ਝੋਲੀ ਵਿਚ ਪਾਈ ਜਾਵੇਗੀ | ਇਸ ਮੌਕੇ ਵੱਡੀ ਗਿਣਤੀ 'ਚ ਯੂਥ ਅਕਾਲੀ ਦਲ ਦੇ ਵਰਕਰ ਮੌਜੂਦ ਸਨ |