ਭਾਦਸੋਂ, 5 ਮਾਰਚ (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਪੰਜਾਬ ਦੀ ਮਾਂ ਖੇਡ ਕਬੱਡੀ ਦਾ 16ਵਾਂ ਟੌਹੜਾ ਕਬੱਡੀ ਕੱਪ ਅੱਜ ਟੌਹੜਾ ਦੇ ਖੇਡ ਸਟੇਡੀਅਮ 'ਚ ਸ਼ੁਰੂ ਹੋ ਗਿਆ | ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ 'ਚ ਕਰਵਾਏ ਜਾ ਰਹੇ ਇਸ ਕੱਪ ਦੇ ਪਹਿਲੇ ਦਿਨ ਬੱਚਿਆਂ ਦੀ ਕਬੱਡੀ ਦੇ ਵੱਖ-ਵੱਖ ਮੈਚ ਕਰਵਾਏ ਗਏ | ਅੱਜ ਦੇ ਮੁਕਾਬਲਿਆਂ 'ਚ 32, 37, 47 ਅਤੇ 57 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਸ 'ਚ ਪੰਜਾਬ ਭਰ ਤੋਂ ਕੁੱਲ 70 ਟੀਮਾਂ ਨੇ ਭਾਗ ਲਿਆ | ਟੌਹੜਾ ਕਬੱਡੀ ਕੱਪ ਦੇ ਸਰਪ੍ਰਸਤ ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ | ਉਨ੍ਹਾਂ ਕਿਹਾ ਕਿ ਕਬੱਡੀ ਦੇ ਨਾਲ-ਨਾਲ ਪੰਜਾਬ ਦੀਆਂ ਲੋਕ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ | ਜਿਸ 'ਚ ਸੈਂਕੜੇ ਦੇ ਕਰੀਬ ਵੱਖ-ਵੱਖ ਸਕੂਲੀ ਬੱਚਿਆਂ ਨੇ ਭਾਗ ਲਿਆ | ਟੌਹੜਾ ਨੇ ਕਿਹਾ ਕਿ ਲੋਕ ਖੇਡਾਂ ਵਿਚ ਜਿੱਤਣ ਵਾਲੇ ਬੱਚਿਆਂ ਨੂੰ ਹਜ਼ਾਰਾਂ ਦੇ ਨਕਦ ਇਨਾਮਾਂ ਦੇ ਨਾਲ-ਨਾਲ ਉਨ੍ਹਾਂ ਦੀ ਹੌਸਲਾ ਅਫਜਾਈ ਲਈ ਟਰੈਕ ਸੂਟ ਵੀ ਦਿੱਤੇ ਗਏ ਹਨ | ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਨੇ ਕਿਹਾ ਕਿ ਦੂਸਰੇ ਦਿਨ ਦੇ ਟੂਰਨਾਮੈਂਟ ਵਿਚ ਇਕ ਪਿੰਡ ਓਪਨ ਦੀਆਂ ਸੱਦਾ ਪ੍ਰਾਪਤ ਕਬੱਡੀ ਦੀਆਂ 8 ਅਕੈਡਮੀਆਂ ਦੇ ਮੈਚ ਹੋਣਗੇ ਅਤੇ ਮਾਝਾ, ਮਾਲਵਾ, ਦੁਆਬਾ ਅਤੇ ਹਰਿਆਣਾ ਦੀਆਂ ਟੀਮਾਂ ਦੇ ਵਿਸ਼ੇਸ਼ ਮੈਚ ਹੋਣਗੇ, ਜਿਸ ਵਿਚ ਦੇਸ਼ ਵਿਦੇਸ਼ ਦੇ ਖਿਡਾਰੀ ਹਿੱਸਾ ਲੈ ਰਹੇ ਹਨ | ਮੈਂਬਰ ਟੌਹੜਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ | ਇਸੇ ਤਰ੍ਹਾਂ ਬੈੱਸਟ ਰੇਡਰ ਤੇ ਜਾਫੀ ਨੂੰ 31-31 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਟੌਹੜਾ ਕਬੱਡੀ ਕੱਪ ਦੇ ਪ੍ਰਧਾਨ ਮੈਨੇਜਰ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਭੰਗੂ, ਰਣਧੀਰ ਸਿੰਘ ਢੀਂਡਸਾ, ਪ੍ਰੀਤ ਬੱਤਰਾ ਜਨਰਲ ਸਕੱਤਰ, ਗੁਰਜੀਤ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਪਟਿਆਲਾ, ਡਾ. ਪ੍ਰਦੀਪ ਕੁੰਦਰਾ, ਲੈਕਚਰਾਰ ਗੁਰਪ੍ਰੀਤ ਸਿੰਘ ਜਿੰਦਲਪੁਰ, ਲੰਬੜਦਾਰ ਮਲਕੀਤ ਸਿੰਘ ਵਜੀਦੜੀ, ਬਹਾਦਰ ਸਿੰਘ ਟੌਹੜਾ, ਹਰਭਜਨ ਸਿੰਘ ਟੌਹੜਾ, ਰਣਧੀਰ ਸਿੰਘ ਰੈਮਲਮਾਜਰੀ, ਮਹਿੰਗਾ ਸਿੰਘ ਭੜੀ, ਲਖਵਿੰਦਰ ਸਿੰਘ ਖੱਟੜਾ, ਸਤਗੁਰ ਸਿੰਘ ਨਿਰਮਾਣਾ, ਜਗਤਾਰ ਸਿੰਘ ਸਿੱਧੂ, ਹਰਿੰਦਰ ਸਿੰਘ ਸਰਪੰਚ ਭੜੀ, ਗੁਰਵਿੰਦਰ ਸਿੰਘ ਵੈਦਵਾਨ, ਗੁਰਧਿਆਨ ਸਿੰਘ ਸਰਪੰਚ ਕਾਲਸਨਾ, ਅਮਰਿੰਦਰ ਸਿੰਘ ਸਰਪੰਚ ਖੋਖ, ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ, ਜਥੇਦਾਰ ਪਿਆਰਾ ਸਿੰਘ ਮੋਹਲਗੁਆਰਾ, ਨਿਸ਼ਾਨ ਸਿੰਘ ਸਹੋਲੀ, ਹਰਬੰਸ ਸਿੰਘ ਭੂਰਾ ਗਿੱਲ ਆਦਿ ਮੌਜੂਦ ਸਨ |