ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਉਜਾਗਰ ਸਿੰਘ ਦੀ ਪੁਸਤਕ 'ਪਿੰਡ ਕੱਦੋਂ ਦਾ ਵਿਰਾਸਤੀ ਰੰਗ' ਲੋਕ ਅਰਪਣ ਕਰਨ ਮੌਕੇ ਮਾਸਟਰ ਗੁਰਦੇਵ ਸਿੰਘ ਨੇ ਕਿਹਾ ਕਿ ਪਿੰਡ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਕਿਉਂਕਿ ਪਿੰਡ ਕੌਮ ਦੇ ਸਮਾਜਿਕ, ਸਭਿਆਚਾਰਕ, ਆਰਥਿਕ, ਭਾਈਚਾਰਾ, ਰਸਮ ਰਿਵਾਜ਼, ਪਰੰਪਰਾਵਾਂ ਅਤੇ ਕਦਰਾਂ ਕੀਮਤਾਂ ਦੇ ਪਹਿਰੇਦਾਰ ਬਣਦੇ ਹਨ | ਉਨ੍ਹਾਂ ਕਿਹਾ ਲੇਖਕ ਵਲੋਂ ਇਸ ਪੁਸਤਕ ਵਿਚ ਪਿੰਡ ਕੱਦੋਂ ਦੇ ਸਭਿਆਚਾਰ ਦੇ ਰਖਵਾਲੇ ਜਸਵਿੰਦਰ ਸਿੰਘ ਭੱਲਾ, ਜੀਤ ਕੱਦੋਂਵਾਲਾ, ਮਨਪ੍ਰੀਤ ਅਖ਼ਤਰ ਅਤੇ ਰਮਨ ਕੱਦੋਂ, ਵਰਗੇ ਕਲਾਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਅਦਾਕਾਰਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ ਹੈ | ਪਿੰਡ ਕੱਦੋਂ ਦੇ ਵਿਅਕਤੀ ਡਾਕਟਰ, ਵਕੀਲ, ਜੱਜ, ਪ੍ਰੋਫ਼ੈਸਰ, ਵਿਓਪਾਰੀ, ਉਦਮੀ, ਖੇਤੀਬਾੜੀ ਮਾਹਿਰ, ਸਪੋਰਟਸਮੈਨ, ਆਰਥਿਕ ਮਾਹਿਰ, ਵਾਤਾਵਰਨ ਪ੍ਰੇਮੀ, ਸਮਾਜ ਸੇਵਕ, ਚੋਟੀ ਦੇ ਕਲਾਕਾਰ, ਗਾਇਕ ਅਤੇ ਹੋਏ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਪਿੰਡ ਦਾ ਨਾਮ ਸੰਸਾਰ ਵਿਚ ਰੌਸ਼ਨ ਕੀਤਾ ਹੈ | ਇਸ ਪਿੰਡ ਦੇ ਕਿਸਾਨਾਂ ਨੇ ਰਵਾਇਤੀ ਫ਼ਸਲਾਂ ਦੀ ਥਾਂ ਡਾਈਵਰਸੀਫੀਕੇਸ਼ਨ ਨੂੰ ਤਰਜੀਹ ਦਿੱਤੀ ਹੈ | ਪਿੰਡ ਕੱਦੋਂ ਆਪਣੀ ਬੁੱਕਲ ਵਿਚ ਪੁਰਾਤਨ ਵਿਰਾਸਤੀ ਇਤਿਹਾਸ ਨੂੰ ਸੰਭਾਲੀ ਬੈਠਾ ਹੈ | ਇਹ ਪੁਸਤਕ ਪਿੰਡਾਂ ਦੀ ਰਹਿਣੀ ਬਹਿਣੀ ਦਾ ਇਤਿਹਾਸਕ ਦਸਤਾਵੇਜ ਬਣ ਗਈ ਹੈ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਮੁੰਡੀ, ਮੇਵਾ ਸਿੰਘ ਮੁੰਡੀ ਐਨ.ਆਰ.ਆਈ.ਐਡਵੋਕੇਟ ਪਰਮਜੀਤ ਸਿੰਘ ਮੁੰਡੀ, ਰਣਜੀਤ ਸਿੰਘ, ਦਿਲਬਾਗ ਸਿੰਘ ਪੋਲਾ ਸਾਬਕਾ ਚੇਅਰਮੈਨ, ਸਬ ਇੰਸਪੈਕਟਰ ਸੁਰਜੀਤ ਸਿੰਘ, ਸੂਬੇਦਾਰ ਮਲਕੀਤ ਸਿੰਘ, ਰਾਜਵੀਰ ਸਿੰਘ ਮੁੰਡੀ, ਤਨਵੀਰ ਸਿੰਘ ਮੁੰਡੀ, ਦਵਿੰਦਰ ਸਿੰਘ ਮੁੰਡੀ, ਗਗਨ ਮੁੰਡੀ ਅਤੇ ਰਾਜਵੀਰ ਸਿੰਘ ਠੇਕੇਦਾਰ ਆਦਿ ਲੋਕ ਅਰਪਣ ਵਿਚ ਸ਼ਾਮਲ ਸਨ | ਉਜਾਗਰ ਸਿੰਘ ਨੇ ਪਿੰਡ ਕੱਦੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ |