ਨਾਭਾ, 5 ਮਾਰਚ (ਜਗਨਾਰ ਸਿੰਘ ਦੁਲੱਦੀ)-ਅੱਜ ਪੰਜਾਬ ਨੰਬਰਦਾਰ ਯੂਨੀਅਨ (ਸਮਰਾ) ਬਲਾਕ ਨਾਭਾ ਦੀ ਮੀਟਿੰਗ ਬਲਾਕ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ | ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਕਿ ਕਿਸੇ ਵੀ ਨੰਬਰਦਾਰ ਵਲੋਂ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਜ਼ਮਾਨਤ ਨਹੀਂ ਦਿੱਤੀ ਜਾਵੇਗੀ, ਜੇਕਰ ਕੋਈ ਨੰਬਰਦਾਰ ਨਸ਼ੇ ਵੇਚਣ ਵਾਲੇ ਵਿਅਕਤੀ ਦੀ ਜ਼ਮਾਨਤ ਕਰਵਾਉਂਦਾ ਹੈ ਤਾਂ ਉਸ ਨੰਬਰਦਾਰ ਦਾ ਨੰਬਰਦਾਰ ਯੂਨੀਅਨ (ਸਮਰਾ) ਵਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਨੂੰ ਯੂਨੀਅਨ ਦੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਦੇ ਨਾਲ ਨਾਲ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਪ੍ਰਧਾਨ ਹਾਕਮ ਸਿੰਘ ਨੇ ਦੱਸਿਆ ਕਿ ਮੀਟਿੰਗ 'ਚ ਪੰਜਾਬ ਸਰਕਾਰ ਵਲੋਂ ਨੰਬਰਦਾਰਾ ਨਾਲ ਮਾਣਭੱਤਾ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਕੇ 5000 ਰੁਪਏ ਕਰਨਾ ਸੀ ਉਹ ਵਾਅਦਾ ਪੂਰਾ ਕੀਤਾ ਜਾਵੇ ਅਤੇ ਨੰਬਰਦਾਰਾ ਨੂੰ ਬੱਸ ਤੇ ਟੋਲ-ਪਲਾਜ਼ਾ ਮਾਫ਼ ਕੀਤਾ ਜਾਵੇ ਕਿਉਂਕਿ ਲੋਕਾਂ ਦੇ ਕੰਮਕਾਰ ਕਰਵਾਉਣ ਲਈ ਨੰਬਰਦਾਰਾ ਨੂੰ ਵੱਖ-ਵੱਖ ਥਾਵਾਂ 'ਤੇ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਨੰਬਰਦਾਰੀ ਨੂੰ ਜੋ ਕੇ ਪਹਿਲਾਂ ਜੱਦੀ ਪੁਸ਼ਤੀ ਚੱਲਦੀ ਸੀ ਉਸ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਜਿਸ ਨੂੰ ਲੈਕੇ ਯੂਨੀਅਨ ਵਲੋਂ ਉਪ ਮੰਡਲ ਮੈਜਿਸਟ੍ਰੇਟ ਨਾਭਾ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ | ਅੱਜ ਹੋਈ ਮੀਟਿੰਗ ਵਿਚ ਮੀਤ ਪ੍ਰਧਾਨ ਜਗਮੋਹਨ ਸਿੰਘ ਗੁਣੀਕੇ, ਸੈਕਟਰੀ ਗੁਰਬਖਸੀਸ ਸਿੰਘ ਗੋਪੀ ਕੌਲ, ਗੁਰਚਰਨ ਸਿੰਘ ਘਾਣੀਵਾਲ, ਰਣਜੀਤ ਸਿੰਘ ਚੌਧਰੀਮਾਜਰਾ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਹਰਸਿਮਰਤ ਸਿੰਘ ਗਲਵੱਟੀ, ਰਣਧੀਰ ਸਿੰਘ ਦੁਲੱਦੀ ਆਦਿ ਹਲਕੇ ਦੇ ਪਿੰਡਾਂ ਚੋਂ ਨੰਬਰਦਾਰ ਸ਼ਾਮਿਲ ਹੋਏ |