ਦੇਵੀਗੜ੍ਹ, 6 ਮਾਰਚ (ਰਾਜਿੰਦਰ ਸਿੰਘ ਮੌਜੀ)-ਕਸਬਾ ਦੇਵੀਗੜ੍ਹ ਦੇ ਪੁਰਾਣੇ ਬਾਜਾਰ 'ਚ ਇੱਕ ਕੀਮਤੀ ਪਲਾਟ 'ਤੇ ਬਣੀਆਂ ਦੁਕਾਨਾਂ ਨੂੰ ਜੇ.ਸੀ.ਬੀ. ਨਾਲ ਢਾਹੁਣ, ਮਿੱਟੀ ਪਾ ਕੇ ਕਬਜਾ ਕਰਨ ਦੀ ਕੋਸ਼ਿਸ਼ ਅਤੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਜੁਲਕਾਂ ਦੀ ਪੁਲਿਸ ਨੇ ਕਈ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਲੰਬੀ ਪੜਤਾਲ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਸ਼ਿਕਾਇਤਕਰਤਾ ਬਲਜਿੰਦਰ ਸਿੰਘ, ਦਵਿੰਦਰ ਸਿੰਘ (ਵਾਸੀ ਰਸੂਲਪੁਰ ਦੋਂਦੀਮਾਜਰਾ) ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਦੇਵੀਗੜ੍ਹ ਅੱਡੇ ਨੇੜੇ ਉਨ੍ਹਾਂ ਦਾ ਕਰੀਬ 1 ਵਿੱਘਾ 14 ਵਿਸਵੇ ਦਾ ਪਲਾਟ ਹੈ, ਜਿਸ 'ਤੇ ਉਨ੍ਹਾਂ ਦਾ 60 ਸਾਲਾਂ ਤੋਂ ਕਬਜਾ ਹੈ। ਉਨ੍ਹਾਂ ਦੱਸਿਆ ਕਿ 12 ਅਪ੍ਰੈਲ 2025 ਨੂੰ ਹਰਵਿੰਦਰ ਸਿੰਘ (ਨਿਜਾਮਪੁਰ), ਗੁਰਮਿੰਦਰ ਸਿੰਘ ਉਰਫ ਕਾਂਟਾ (ਮਿਹੋਣ), ਜਗਦੀਪ ਸਿੰਘ ਭੁੱਲਰ (ਖੇੜੀ ਰਾਜੂ ਸਿੰਘ) ਅਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਜੇ.ਸੀ.ਬੀ. ਮਸੀਨ ਨਾਲ ਉੱਥੇ ਬਣੀਆਂ ਦੁਕਾਨਾਂ ਢਾਹ ਦਿੱਤੀਆਂ। ਪੀੜਤ ਧਿਰ ਅਨੁਸਾਰ ਦੋਸੀਆਂ ਨੇ ਦੁਕਾਨਾਂ ਵਿੱਚੋਂ ਇਨਵਰਟਰ, ਬੈਟਰੀਆਂ, ਡੀ.ਵੀ.ਆਰ. ਅਤੇ ਬਿਜਲੀ ਦਾ ਹੋਰ ਸਾਮਾਨ ਵੀ ਚੋਰੀ ਕਰ ਲਿਆ ਸੀ। ਐਡਵੋਕੇਟ ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 'ਤੇ ਸਿੱਧੇ ਦੋਸ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਵਿਧਾਇਕ ਦੀ ਸ਼ਹਿ 'ਤੇ ਕੀਤੀ ਗਈ ਸੀ, ਜਿਸ ਕਾਰਨ ਲੰਮਾ ਸਮਾਂ ਪੁਲੀਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਅਖੀਰ ਉਨ੍ਹਾਂ ਨੂੰ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ। ਉਨ੍ਹਾਂ ਦੱਸਿਆ ਕਿ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਦਖਲ ਤੋਂ ਬਾਅਦ ਪ੍ਰਸਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਹੁਣ ਪਰਚਾ ਦਰਜ ਹੋਇਆ ਹੈ। ਦੂਜੇ ਪਾਸੇ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ 'ਤੇ ਲੱਗੇ ਦੋਸਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ ਦੋਵਾਂ ਧਿਰਾਂ ਨੂੰ ਜਮੀਨ ਦੀ ਨਿਸਾਨਦੇਹੀ ਕਰਵਾਉਣ ਦੀ ਸਲਾਹ ਦਿੱਤੀ ਸੀ ਤਾਂ ਜੋ ਅਸਲ ਮਾਲਕ ਦਾ ਪਤਾ ਲੱਗ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਧਿਰ ਦੀ ਪੱਖਪਾਤੀ ਮਦਦ ਨਹੀਂ ਕੀਤੀ।