ਸਮਾਣਾ, 8 ਮਾਰਚ (ਹਰਵਿੰਦਰ ਸਿੰਘ ਟੋਨੀ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੋ ਕੰਨਿਆਂਕੁਮਾਰੀ ਤੇ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਕਰ ਰਹੇ ਹਨ ਵਲੋਂ ਅੱਜ ਕਿਸਾਨਾਂ ਦੇ ਵੱਡੇ ਕਾਫ਼ਲੇ ਸਮੇਤ ਧਰਮ ਯੁੱਧ ਮੋਰਚੇ 'ਚ ਸ਼ਿਰਕਤ ਕੀਤੀ ਗਈ | ਇਸ ਮੌਕੇ ਡੱਲੇਵਾਲ ਨੇ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਵਾਅਦਾ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਨਾ ਬਣਾਇਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਭਾਈ ਗੁਰਜੀਤ ਸਿੰਘ (ਸਾਬਕਾ ਫ਼ੌਜੀ) ਵਲੋਂ ਵਿੱਢੇ ਸੰਘਰਸ਼ ਦੀ ਹਮਾਇਤ 'ਚ ਪਹੁੰਚ ਜਾਣਗੀਆਂ | ਦੱਸਣਯੋਗ ਹੈ ਕਿ ਅੱਜ ਕਿਸਾਨ ਆਗੂ ਡੱਲੇਵਾਲ ਦੇ ਨਾਲ ਹਰਿਆਣਾ, ਰਾਜਸਥਾਨ ਤੇ ਤਾਮਿਲਨਾਡੂ ਸਮੇਤ ਹੋਰ ਸੂਬਿਆਂ ਦੇ ਕਿਸਾਨ ਆਗੂਆਂ ਨੇ ਵੀ ਇਸ ਸੰਘਰਸ਼ ਦੀ ਹਮਾਇਤ 'ਚ ਸ਼ਿਰਕਤ ਕੀਤੀ | ਡੱਲੇਵਾਲ ਨੇ ਬਾਬਾ ਬਕਾਲਾ ਨੇੜੇ ਇਕ ਪਿੰਡ 'ਚ ਬੀਤੇ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੇ ਜਾਣ ਨੂੰ ਅਤਿ ਗੰਭੀਰ ਘਟਨਾ ਦੱਸਿਆ ਹੈ | ਇਸ ਮੌਕੇ ਮੰਚ ਤੋਂ ਸਮੂਹ ਬੁਲਾਰਿਆਂ ਅਪੀਲ ਕੀਤੀ ਕਿ ਸਾਰੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਕਾਨੂੰਨ ਬਣਾਉਣ ਦੀ ਮੰਗ ਕਰਨ ਤੇ ਉਨ੍ਹਾਂ ਬੇਅਦਬੀ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਦੱਸਿਆ ਹੈ | ਉਨ੍ਹਾਂ ਖਨੌਰੀ ਬਾਰਡਰ 'ਤੇ ਭਾਈ ਵਡਾਲਾ ਵਲੋਂ ਆਖੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਅਸੀਂ ਖੱਜਲ ਖ਼ੁਆਰ ਇਸ ਲਈ ਹੋ ਰਹੇ ਹਾਂ ਕਿਉਂਕਿ ਅਸੀਂ ਗੁਰੂ ਨੂੰ ਪਿੱਠ ਦੇਈਾ ਬੈਠੇ ਹਾਂ |